ਹਰਪ੍ਰੀਤ ਸਿੰਘ ਵਰਗੇ ਅਧਿਆਪਕ ਚਾਨਣ ਮੁਨਾਰੇ -ਡਿਪਟੀ ਕਮਿਸ਼ਨਰ
ਅਧਿਆਪਕ ਹਰਪ੍ਰੀਤ ਸਿੰਘ ਨੂੰ ਕੌਮੀ ਅਧਿਆਪਕ ਦਿਹਾੜੇ ਉੱਤੇ ਕੀਤਾ ਜਾਵੇਗਾ ਸਨਮਾਨਿਤ
ਬਰਨਾਲਾ /ਮਹਿਲ ਕਲਾਂ , 26 ਅਗਸਤ (ਗੁਰਸੇਵਕ ਸੋਹੀ )ਹਰ ਸਾਲ 5 ਸਤੰਬਰ ਦਾ ਦਿਨ ਭਾਰਤ 'ਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਮੌਕੇ ਦੇਸ਼ ਭਰ 'ਚੋਂ ਚੁਣੇ ਹੋਏ ਵਿਲੱਖਣ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਬੀਹਲਾ ਦੇ ਹੈਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਦਿਹਾੜੇ ਮੌਕੇ ਰਾਸ਼ਟਰਪਤੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਇਨ੍ਹਾਂ ਵਰਗੇ ਅਧਿਆਪਕ ਸਿਖਿਆ ਜਗਤ ਲਈ ਚਾਨਣ ਮੁਨਾਰੇ ਹਨ। ਉਹਨਾਂ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਪਕ ਨਾ ਸਿਰਫ ਆਪਣੇ ਸਕੂਲ ਅਤੇ ਵਿਭਾਗ ਲਈ ਇਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਬਲਕਿ ਸਮਾਜ ਲਈ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੀ ਆਲੀਸ਼ਾਨ ਇਮਾਰਤ ਦੇ ਨਾਲ-ਨਾਲ ਐਜੂਕੇਸ਼ਨਲ ਐਕਟੀਵਿਟੀ ਪਾਰਕ, ਡਿਜ਼ੀਟਲ ਕਲਾਸ ਰੂਮਜ, ਸਮਾਰਟ ਲੈਂਗੂਏਜ ਲੈਬ, ਕੰਪਿਊਟਰ ਲੈਬ, ਮਲਟੀਪਰਪਜ਼ ਹਾਲ/ ਆਡੀਟੋਰੀਅਮ, ਸਮਾਰਟ ਕਿੰਡਰਗਾਰਟ, ਈ ਲਾਇਬ੍ਰੇਰੀ , ਈ-ਕੰਨਟੈਂਟ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਬੱਚਿਆਂ ਲਈ ਹਰੇਕ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕਰਵਾਇਆ ਹੈ।
ਸ. ਹਰਪ੍ਰੀਤ ਸਿੰਘ ਦੀਵਾਨਾ ਨੇ ਸਕੂਲ ਦੀ ਸੁਸਾਇਟੀ ਦੀ ਮਦਦ ਨਾਲ ਸਕੂਲ ਨੂੰ ਇਕ ਸਮਾਰਟ ਸਕੂਲ ਵਿੱਚ ਤਬਦੀਲ ਕਰਕੇ ਸਕੂਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਜੋੜ ਕੇ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਵਾਧਾ ਕੀਤਾ।ਪੜ੍ਹਾਈ ਦੇ ਨਾਲ-ਨਾਲ ਬੱਚੇ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਵੀ ਜ਼ਿਲ੍ਹੇ ਅਤੇ ਸਟੇਟ ਲੈਵਲ ਤੱਕ ਪ੍ਰਾਪਤੀਆਂ ਕਰ ਰਹੇ ਹਨ।