You are here

‘ਸਾਮਰਾਜੀ ਸੰਕਟ ਅਤੇ ਫਾਸ਼ੀਵਾਦ ਵਿਰੁੱਧ ਸਾਂਝੇ ਮੋਰਚੇ ਦੀ ਲੋੜ’ ਵਿਸ਼ੇ ਤੇ ਸਰੀ ਵਿੱਚ ਸਮਾਗਮ

ਸਰੀ/ ਕੈਨੇਡਾ,  19 ਅਗਸਤ( ਜਨ ਸ਼ਕਤੀ ਨਿਊਜ਼ ਬਿਊਰੋ)   ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵੱਲੋਂ ਸਰੀ ਦੇ ਸਥਾਨਕ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਚੇਤਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬ ਤੋਂ ਕੈਨੇਡਾ ਫੇਰੀ ਤੇ ਪੰਹੁਚੇ ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਇਸ ਸਮਾਗਮ ਵਿੱਚ ਮੁੱਖ ਵਕਤਾ ਦੇ ਤੌਰ ਤੇ ਸ਼ਾਮਲ ਹੋਏ। ਤਰਕਸ਼ੀਲ ਆਗੂ ਪਰਮਿੰਦਰ ਸਵੈਚ ਦੀ ਮੰਚ ਸੰਚਾਲਨਾਂ ਹੇਠ ਸਭ ਤੋਂ ਪਹਿਲਾਂ ਸੰਤਾਲੀ ਦੀ ਦੇਸ਼ ਵੰਡ ’ਚ ਫਿਰਕੂ ਕਤਲੋਗਾਰਦ ਦਾ ਸ਼ਿਕਾਰ ਹੋਏ ਬੇਕਸੂਰ ਦੱਸ ਲੱਖ ਲੋਕਾਂ ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਸਮੇਂ ਅਪਣੇ ਸੰਬੋਧਨ ’ਚ ਕੰਵਲਜੀਤ ਖੰਨਾ ਨੇ ਬੋਲਦਿਆਂ ਸਾਮਰਾਜ ਦੇ ਤਿੱਖੇ ਹੋ ਰਹੇ ਆਰਥਿਕ ਨਿਘਾਰ ਤੇ ਚਰਚਾ ਕਰਦਿਆਂ ਕਿਹਾ ਕਿ ਸੰਸਾਰ ਭਰ ’ਚ ਵੱਡੇ ਕਾਰਪੋਰੇਟ ਹੁਣ ਅਪਣੇ ਸੰਕਟ ਚੋਂ ਨਿਕਲਣ ਲਈ ਫੌਜੀ ਆਰਥਿਕਤਾ ਅਪਣਾ ਰਹੇ ਹਨ। ਪਹਿਲਾਂ ਦਹਾਕਿਆਂ ਬਾਅਦ ਆਉਣ ਵਾਲੀ ਆਰਥਿਕ ਮਹਾਂਮੰਦੀ ਹੁਣ ਇਕ-ਦੋ ਸਾਲਾਂ ਵਿੱਚ ਵਿਸ਼ਵ ਆਰਥਿਕਤਾ ਨੂੰ ਆਪਣੀ ਪਕੜ ਵਿੱਚ ਲੈ ਰਹੀ ਹੈ। ਸੰਸਾਰ ਸਾਮਰਾਜ ਨੇ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾਂ ਰਾਹੀ ਦੁਨੀਆਂ ਦੇ ਪੱਛੜੀ ਆਰਥਿਕਤਾ ਵਾਲੇ ਮੁਲਕਾਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਤੀਜੀ ਦੁਨੀਆਂ ਦੇ ਗਰੀਬ ਤੇ ਵਿਕਾਸਸ਼ੀਲ ਮੁਲਕ ਇਸ ਜਕੜਪੰਜੇ ’ਚ ਪੂਰੀ ਤਰ੍ਹਾਂ ਛਟਪਟਾ ਰਹੇ ਹਨ। ਉਨਾਂ ਕਿਹਾ ਕਿ ਵਿਸ਼ਵੀਕਰਨ ਦੀਆਂ ਸਾਮਰਾਜੀ ਆਰਥਿਕ ਤੇ ਸਨਅਤੀ ਨੀਤੀਆਂ ਨੇ ਦੁਨੀਆਂ ਭਰ ਦੇ ਬਹੁਗਿਣਤੀ ਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਸ਼੍ਰੀ ਲੰਕਾ ਵਾਂਗ ਉਜਾੜੇ ਦੇ ਰਾਹ ਤੋਰ ਦਿੱਤਾ ਹੈ। ਉਹਨਾਂ ਦੇਸ਼ ਤੇ ਦੁਨੀਆਂ ’ਚ ਅਪਣੀ ਲੁੱਟ ਤੇ ਮੁਨਾਫੇ ਨੂੰ ਬਰਕਰਾਰ ਰੱਖਣ ਲਈ ਫਾਸ਼ੀਵਾਦ ਹਮਲੇ ਤੇ ਭਾਰਤ ਦੇਸ਼ ’ਚ ਘੱਟਗਿਣਤੀ ਮੁਸਲਮਾਨਾਂ ਖਿਲਾਫ ਝੁਲਾਈ ਜਾ ਰਹੀ ਫਿਰਕੂ ਹਨੇਰੀ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੱਤਾ।  ਭਾਰਤ ’ਚ ਮੋਦੀ ਹਕੂਮਤ ਵਲੋਂ ਠੋਸੀ ਅਣਐਲਾਨੀ ਐਮਰਜੈਂਸੀ, ਜਮਹੂਰੀ ਹੱਕਾਂ ਤੇ ਵੱਡਾ ਹਮਲਾ, ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ’ਚ ਜੇਲਾਂ ’ਚ ਡੱਕਣ ਆਦਿ ਮਸਲਿਆਂ ਦੀ ਚਰਚਾ ਕਰਦਿਆਂ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ’ਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸਲਾਘਾ ਕੀਤੀ। ਲੰਮੀ ਵਿਚਾਰ-ਚਰਚਾ ਉਪਰੰਤ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਸਮੇਂ ਤਰਕਸ਼ੀਲ ਆਗੂ ਬਾਈ ਅਵਤਾਰ ਗਿੱਲ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸੱਤਰਵਿਆਂ ਦੇ ਦੌਰ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਲਖਵੀਰ ਲੱਖਾ, ਸੁਰਿੰਦਰ ਚਾਹਲ, ਨਿਰਮਲ ਕਿੰਗਰਾ, ਸੁਖਵੰਤ ਹੁੰਦਲ, ਜਗਰੂਪ ਲੋਪੋ, ਮਲਕੀਤ ਸੁਧਾਰ ਆਦਿ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

ਜਾਰੀ ਕਰਤਾ : ਬਾਈ ਅਵਤਾਰ ਗਿੱਲ, ਪਰਮਿੰਦਰ ਸਵੈਚ ਵੱਲੋਂ : ਤਰਕਸ਼ੀਲ ਸੁਸਾਇਟੀ ਆਫ ਕੈਨੇਡਾ