ਜੇਕਰ ਕਿਸੇ ਪਸ਼ੂ ਦੀ ਬਿਮਾਰੀ ਕਾਰਨ ਮੌਤ ਹੁੰਦੀ ਹੈ, ਤਾਂ ਉਸ ਨੂੰ ਦਫਨਾਇਆ ਜਾਵੇ-ਬੀਬੀ ਮਾਣੂੰਕੇ
ਜਗਰਾਉਂ , 09 ਅਗਸਤ, ਹਲਕੇ ਦੇ ਲੋਕਾਂ ਦੇ ਪਸ਼ੂਆਂ ਨੂੰ ਚਮੜੀ ਦੀ ਬਿਮਾਰੀ 'ਲੰਪੀ' ਤੋਂ ਬਚਾਉਣ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਲਗਾਤਾਰ ਸਰਗਰਮ ਹਨ ਅਤੇ ਅੱਜ ਉਹਨਾਂ ਵੱਲੋਂ ਅਧਿਕਾਰੀਆਂ ਤੇ ਵੈਟਨਰੀ ਡਾਕਟਰਾਂ ਸਮੇਤ ਜਗਰਾਉਂ ਸ਼ਹਿਰ ਵਿੱਚ ਦੀਆਂ 'ਸੀ੍ਰ ਕਿਸ਼ਨਾਂ ਗਊਸ਼ਾਲਾ' ਅਤੇ 'ਸਨਾਤਨ ਗੋਬਿੰਦ ਗਊਧਾਨ' ਵਿਖੇ ਪਹੁੰਚਕੇ ਪ੍ਰਬੰਧਕਾਂ ਕੋਲੋਂ ਗਊਆਂ ਦਾ ਹਾਲ-ਚਾਲ ਜਾਣਿਆਂ ਅਤੇ ਗਊਸ਼ਾਲਾਵਾਂ ਦੀਆਂ ਸਮੱਸਿਆਵਾਂ ਸੁਣੀਆਂ। ਮੌਕੇ ਤੇ ਮੌਜੂਦ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਸਰਕਾਰ ਵੱਲੋਂ ਜੋ ਗਊਸ਼ਾਲਾ ਵਾਸਤੇ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਗਊ ਸੈਸ ਇਕੱਠਾ ਹੁੰਦਾ ਹੈ ਤਾਂ ਉਸ ਦੀ ਅਦਾਇਗੀ ਸਮੇ ਸਿਰ ਗਊਸ਼ਾਲਾ ਨੂੰ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਸਮੇਂ ਸਮੇਂ 'ਤੇ ਸੁਣਕੇ ਉਹਨਾਂ ਦਾ ਹੱਲ ਕਰਨਾਂ ਯਕੀਨੀ ਬਣਾਇਆ ਜਾਵੇ। ਗਊਸ਼ਾਲਾ ਦੇ ਦੌਰੇ ਦੌਰਾਨ ਮੌਕੇ ਤੇ ਮੌਜੂਦ ਪਸ਼ੂ ਹਸਪਤਾਲ ਜਗਰਾਉਂ ਦੇ ਸੀਨੀਅਰ ਵੈਟਨਰੀ ਡਾ.ਹਰਦਿਆਲ ਸਿੰਘ ਨੇ ਪ੍ਰਬੰਧਕਾਂ ਨੂੰ ਜਾਗ੍ਰਿਤ ਕਰਦੇ ਹੋਏ ਦੱਸਿਆ ਕਿ 'ਲੰਪੀ' ਚਮੜੀ ਦੀ ਬਿਮਾਰੀ ਹੈ, ਜੋ ਪਸ਼ੂਆਂ ਵਿੱਚ ਲਾਗ ਲੱਗਣ ਨਾਲ ਵਿਸ਼ਾਣੂਆਂ ਦੁਆਰਾ ਫੈਲਦੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਵਿੱਚ ਬੁਖਾਰ ਅਤੇ ਪਸ਼ੂ ਦੀ ਚਮੜੀ ਉਪਰ ਧੱਫੜ ਹੋ ਜਾਂਦੇ ਹਨ। ਜੇਕਰ ਕੋਈ ਪਸ਼ੂ ਪੀੜਿਤ ਹੋ ਜਾਵੇ ਤਾਂ ਉਸਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰਕੇ ਉਸਦਾ ਖਾਣਾ ਵੀ ਵੱਖ ਕੀਤਾ ਜਾਵੇ। ਡਾ.ਹਰਦਿਆਲ ਸਿੰਘ ਨੇ ਹੋਰ ਦੱਸਿਆ ਕਿ 'ਲੰਪੀ' ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਵੈਕਸੀਨੇਸ਼ਨ ਦੀ ਇੱਕ ਖੇਪ ਪਸ਼ੂਆਂ ਦੇ ਲਗਾ ਦਿੱਤੀ ਗਈ ਹੈ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਸਮੇਂ ਪੂਰੀ ਤਰਾਂ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਪਸ਼ੂਆਂ ਨੂੰ 'ਲੰਪੀ' ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਵਿਧਾਇਕਾ ਨੇ ਆਖਿਆ ਕਿ ਜੇਕਰ 'ਲੰਪੀ' ਬਿਕਾਰੀ ਤੋਂ ਪੀੜਿਤ ਕਿਸੇ ਪਸ਼ੂ ਦੀ ਮੌਤ ਹੋ ਜਾਦੀ ਹੈ, ਤਾਂ ਉਸ ਨੂੰ ਹੱਡਾ ਰੋੜੀ ਵਿੱਚ ਸੁੱਟਣ ਦੀ ਬਜਾਇ ਮਰੇ ਹੋਏ ਪਸ਼ੂ ਨੂੰ ਡੂੰਘਾ ਟੋਆ ਪੁੱਟਕੇ ਦਫਨਾਇਆ ਜਾਵੇ, ਤਾਂ ਜੋ ਇਹ ਲਾਗ ਦੀ ਬਿਮਾਰੀ ਅੱਗੇ ਨਾ ਫੈਲ ਸਕੇ। ਉਹਨਾਂ ਆਖਿਆ ਕਿ ਇਸ ਬਿਮਾਰੀ ਕਾਰਨ ਮਰੇ ਹੋਏ ਪਸ਼ੂ ਨੂੰ ਦੱਬਣ ਲਈ ਪ੍ਰਸ਼ਾਸ਼ਨ ਵੱਲੋਂ ਜੇ.ਸੀ.ਬੀ. ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਟੀਮ ਵਿੱਚ ਵੈਟਨਰੀ ਡਾਕਟਰ ਡਾ:ਪਰਮਿੰਦਰ ਕੌਰ, ਵੈਟਨਰੀ ਇੰਸਪੈਕਟਰ ਅਜੇ, ਵੈਟਨਰੀ ਇੰਸਪੈਕਟਰ ਗੁਰਮੀਤ ਸਿੰਘ, 'ਆਪ' ਆਗੂ ਕੁਲਵਿੰਦਰ ਸਿੰਘ ਕਾਲਾ, ਕਰਮਜੀਤ ਸਿੰਘ ਡੱਲਾ, ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ।
News By ; Manjinder Gill ( 7888466199 )