You are here

ਘਰੇਲੂ ਔਰਤਾਂ ਨੂੰ ਘੱਟ ਆਂਕਣਾ ਅਸਲੀਅਤ ਤੋਂ ਮੂੰਹ ਫੇਰਨਾ ✍️ ਗੋਬਿੰਦਰ ਸਿੰਘ ਢੀਂਡਸਾ  

ਔਰਤ ਅਤੇ ਮਰਦ ਜ਼ਿੰਦਗੀ ਦੇ ਸਾਇਕਲ ਦੇ ਦੋ ਪਹੀਏ ਹਨ, ਆਸਾਨ ਸਫ਼ਰ ਲਈ ਦੋਹਾਂ ਦੀ ਜ਼ਰੂਰਤ ਹੈ। ਮਕਾਨ ਨੂੰ ਘਰ, ਘਰ ਨੂੰ ਸਵਰਗ ਬਣਾਉਣ ਦੀ ਮੁਹਾਰਤ, ਬਰਕਤ ਅਤੇ ਕਲਾ ਕੁਦਰਤ ਨੇ ਔਰਤ ਨੂੰ ਬਖਸ਼ੀ ਹੈ। ਉਹ ਮਕਾਨ ਕਦੇ ਘਰ, ਘਰ ਸਵਰਗ ਨਹੀਂ ਬਣਦੇ ਜੋ ਔਰਤਾਂ ਤੋਂ ਸੱਖਣੇ ਹੁੰਦੇ ਹਨ। ਔਰਤਾਂ ਦੇ ਸਬਰ, ਸਹਿਜਤਾ ਅਤੇ ਕੋਮਲਤਾ ਕਰਕੇ ਹੀ ਕੁਦਰਤ ਨੇ ਉਸਨੂੰ ਮਾਂ ਵਰਗੇ ਉੱਚੇ ਰੁਤਵੇ ਨਾਲ ਨਿਵਾਜਿਆ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪਰਮਾਤਮਾ ਹਰ ਥਾਂ ਆਪ ਨਹੀਂ ਖਲੋ ਸਕਦਾ ਇਸ ਲਈ ਉਸ ਨੇ ਮਾਂ ਨੂੰ ਬਣਾਇਆ ਜੋ ਆਪਣੇ ਬੱਚਿਆਂ ਲਈ ਆਖਰੀ ਦਮ ਤੱਕ ਬਹੁੜਦੀ ਹੈ। ਔਰਤ ਕੋਈ ਵੀ ਹੋਵੇ ਕੰਮਕਾਜੀ ਜਾਂ ਘਰੇਲੂ, ਉਸਦੀ ਕਿਸੇ ਵੀ ਹਾਲਤ ਵਿੱਚ ਅਹਿਮੀਅਤ ਘੱਟ ਨਹੀਂ ਹੈ। ਦੋਨੋਂ ਆਪਣੇ ਆਪਣੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਜ ਦਾ ਇਹ ਦੁਖਾਂਤ ਵੀ ਹੈ ਕਿ ਘਰੇਲੂ ਔਰਤਾਂ ਨੂੰ ਅਕਸਰ ਹਲਕੇ ਵਿੱਚ ਲਿਆ ਜਾਂਦਾ ਹੈ, ਉਹਨਾਂ ਦੇ ਮਹੱਤਵ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ। ਘਰੇਲੂ ਔਰਤ ਹੋਣਾ ਘੱਟ ਆਤਮ ਵਿਸ਼ਵਾਸੀ, ਪਿਛਾਕੜ ਦੀ ਨਿਸ਼ਾਨੀ ਕਦੇ ਵੀ ਨਹੀਂ ਅਤੇ ਨਾ ਹੀ ਕੋਈ ਹੀਣ ਭਾਵਨਾ ਨਾਲ ਗ੍ਰਸਿਤ ਹੋਣ ਦੀ ਸਥਿਤੀ ਹੈ। ਸਿੱਖਿਆ ਪ੍ਰਾਪਤ ਕਰਨਾ ਹਰ ਔਰਤ ਦਾ ਹੱਕ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਔਰਤ ਘਰ ਨੂੰ ਅਤੇ ਆਉਣ ਵਾਲੀ ਪੀੜੀ ਦੀ ਹੋਰ ਸੁਚੱਜੇ ਢੰਗ ਨਾਲ ਦੇਖ-ਰੇਖ ਕਰ ਸਕਦੀ ਹੈ। ਘਰੇਲੂ ਔਰਤਾਂ ਉਹ ਹਨ ਜੋ ਆਪਣਾ ਆਪ ਭੁਲਾ ਕੇ ਪਰਿਵਾਰਾਂ ਨੂੰ ਇੱਕ ਮਾਲਾ ਵਿੱਚ ਪਰੋਕੇ ਰੱਖਦੀਆਂ ਹਨ, ਸੰਭਾਲ ਕੇ ਰੱਖਦੀਆਂ ਹਨ ਅਤੇ ਉਹਨਾਂ ਲਈ ਬਿਨ੍ਹਾ ਕਿਸੇ ਸੁਆਰਥ ਜਾਂ ਲਾਲਚ ਤੋਂ ਸਮਰਪਿਤ ਹੋ ਜਾਂਦੀਆਂ ਹਨ। ਘਰੇਲੂ ਔਰਤਾਂ ਪਰਿਵਾਰਿਕ ਜਿੰਮੇਵਾਰੀਆਂ, ਰਿਸ਼ਤਿਆਂ ਦੇ ਨਿੱਕੇ ਨਿੱਕੇ ਹਿਸਾਬ ਬਿਨ੍ਹਾ ਕਿਸੇ ਲਿਖਤ ਪੜ੍ਹਤ ਤੋਂ ਜ਼ੁਬਾਨੀ ਯਾਦ ਰੱਖ ਛੱਡਦੀਆਂ ਹਨ ਤੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੀਆਂ ਹਨ ਜੋ ਕਿ ਉਹਨਾਂ ਨੂੰ ਬਾਕੀਆਂ ਨਾਲੋਂ ਵਿਸ਼ੇਸ਼ ਸਥਾਨ ਤੇ ਖੜ੍ਹਾ ਕਰ ਦਿੰਦਾ ਹੈ। ਘਰੇਲੂ ਔਰਤਾਂ ਦਾ ਕੋਈ ਐਤਵਾਰ ਨਹੀਂ ਆਉਂਦਾ ਅਤੇ ਨਾ ਹੀ ਕੋਈ ਹੋਰ ਛੁੱਟੀ ਹੁੰਦੀ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਦਿਨ ਰਾਤ ਹੁੰਦਾ ਹੈ। ਇਹ ਓਹੀ ਘਰੇਲੂ ਔਰਤਾਂ ਹਨ ਜੋ ਬੂਹਾ ਖੜਕੇ ਤੇ ਅੱਧੀ ਰਾਤ ਨੂੰ ਵੀ ਇੱਕ ਦਮ ਉੱਠ ਖੜਦੀਆਂ ਹਨ, ਇਹਨਾਂ ਨੂੰ ਕਦੇ ਪੂਰੀ ਨੀਂਦ ਨਸੀਬ ਨਹੀਂ ਹੁੰਦੀ। ਘਰੇਲੂ ਔਰਤਾਂ ਦਾ ਪਰਿਵਾਰ ਸੰਭਾਲਣ ਅਤੇ ਕੰਮ ਕਰਨ ਦਾ ਕੋਈ ਅੱਠ ਘੰਟੇ ਦਾ ਨਿਸ਼ਚਿਤ ਟਾਇਮ ਨਹੀਂ ਹੁੰਦਾ ਬਲਕਿ ਚੌਬੀ ਘੰਟੇ, ਬਾਰ੍ਹਾਂ ਮਹੀਨੇ ਹਰ ਸਮੇਂ ਹਾਜ਼ਰ ਰਹਿੰਦੀਆਂ ਹਨ। ਘਰ ਦੇ ਬਜ਼ੁਰਗ, ਪਤੀ ਅਤੇ ਬੱਚਿਆਂ ਦਾ ਛੋਟੀ ਤੋਂ ਛੋਟੀ ਗੱਲ, ਕੰਮ, ਖਾਣਪੀਣ ਆਦਿ ਦਾ ਖਿਆਲ ਰੱਖਣਾ ਅਤੇ ਘਰਦੇ ਕੰਮਾਂ ਨੂੰ ਸੰਵਾਰਨਾ ਕੋਈ ਆਸਾਨ ਵਰਤਾਰਾ ਨਹੀਂ, ਇਹ ਘਰੇਲੂ ਔਰਤਾਂ ਹੀ ਹਨ ਜੋ ਆਪਣੀ ਕਾਬਲੀਅਤ ਨਾਲ ਇਸ ਨੂੰ ਸੰਭਾਲਦੀਆਂ ਹਨ। ਕਈ ਵਾਰ ਮਹਿਫਲਾਂ ਵਿੱਚ ਹਾਸੇ ਠੱਠੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਔਰਤਾਂ ਨੂੰ ਉਹਨਾਂ ਦੀ ਉਮਰ ਨਹੀਂ ਪੁੱਛੀਦੀ ਤੇ ਇਸਦਾ ਜਵਾਬ ਵੀ ਆਪਣੀ ਮੱਤ ਅਨੁਸਾਰ ਵਿਅੰਗਮਈ ਲੈ ਲਿਆ ਜਾਂਦਾ ਹੈ ਜਦਕਿ ਇਸ ਦਾ ਵਾਜਿਬ ਜਵਾਬ ਤਾਂ ਇਹ ਹੈ ਕਿ ਔਰਤਾਂ ਨੂੰ ਕਦੇ ਉਹਨਾਂ ਦੀ ਉਮਰ ਨਹੀਂ ਪੁੱਛੀਦੀ ਕਿਉਂਕਿ ‘ਉਹ ਕਦੇ ਵੀ ਆਪਣੇ ਲਈ ਨਹੀਂ ਜਿਉਂਦੀਆਂ, ਸਗੋਂ ਹਮੇਸ਼ਾਂ ਆਪਣੇ ਪਰਿਵਾਰ ਲਈ ਜਿਉਂਦੀਆਂ ਹਨ’। ਜੇਕਰ ਘਰੇਲੂ ਔਰਤਾਂ ਗੰਵਾਰ, ਅਰਥਹੀਣ, ਕਿਸੇ ਕੰਮ ਦੀਆਂ ਨਹੀਂ ਜਾਪਦੀਆਂ, ਸਮੇਂ ਤੋਂ ਬਹੁਤ ਪਿੱਛੇ ਜਾਪ ਰਹੀਆਂ ਹਨ ਤਾਂ ਇਹ ਉਹਨਾਂ ਦੀ ਗਲਤੀ ਨਹੀਂ ਇਹ ਤੁਹਾਡੀ ਸਮਾਜਿਕ ਅਤੇ ਮਾਨਸਿਕ ਸੋਚ ਦਾ ਨਿਘਾਰ ਹੈ, ਤੁਹਾਡੇ ਨਜ਼ਰੀਏ ਨੂੰ ਇਲਾਜ ਦੀ ਜ਼ਰੂਰਤ ਹੈ। ਘਰੇਲੂ ਔਰਤਾਂ ਨੂੰ ਕਿਸੇ ਪੱਖ ਤੋਂ ਘੱਟ ਆਂਕਣਾ ਸਿਰਫ ਆਪਣੀ ਮੂਰਖਤਾ ਅਤੇ ਅਗਿਆਨਤਾ ਦੀ ਪ੍ਰੋੜਤਾ ਕਰਨਾ ਹੈ ਅਤੇ ਅਸਲੀਅਤ ਤੋਂ ਮੂੰਹ ਫੇਰਨਾ ਹੈ। ਘਰੇਲੂ ਔਰਤਾਂ ਨੂੰ ਕੋਈ ਬੱਝਵੀਂ ਤਨਖਾਹ ਨਹੀਂ ਮਿਲਦੀ ਪਰੰਤੂ ਉਹ ਆਪਣਿਆਂ ਦੀ ਖੁਸ਼ੀ ਵਿੱਚ ਖੁਸ਼ ਹਨ ਅਤੇ ਆਪਣੇ ਸੁਪਨਿਆਂ ਨੂੰ ਲਾਂਭੇ ਰੱਖ ਪਰਿਵਾਰਾਂ ਨੂੰ ਪਹਿਲ ਦੇ ਰਹੀਆਂ ਹਨ, ਉਹਨਾਂ ਨੂੰ ਬਣਦਾ ਸਤਿਕਾਰ ਦੇਣਾ, ਉਹਨਾਂ ਦੇ ਸਮਰਪਣ ਅਤੇ ਕੀਤੀ ਜਾਂਦੀ ਅਣਥੱਕ ਮਿਹਨਤ ਨੂੰ ਸਿਜਦਾ ਕਰਨਾ ਚਾਹੀਦਾ ਹੈ। 

ਗੋਬਿੰਦਰ ਸਿੰਘ ਢੀਂਡਸਾ ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਮੋਬਾਇਲ ਨੰਬਰ – 92560-66000