ਨਹੀਂ ਮਿਟ ਸਕਤੀ ਸ਼ਹੀਦੋਂ ਕੀ ਹਸਤੀ , ਖੁਦ ਹੀ ਮਿਟ ਜਾਤੇ ਹੈਂ ਮਿਟਾਨੇ ਵਾਲੇ “
- ਸੰਗਰੂਰ ਪਾਰਲੀਮੈਂਟਰੀ ਚੋਣ ਵਿੱਚ ਭਾਵੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ , ਪਰ ਇਹ ਇਕ ਵਿਰੋਧਤਾ ਦਾ ਹੀ ਮੁੱਦਾ ਸੀ । ਵੋਟਰਾਂ ਦੀ ਸੋਚ ਸ਼ਾਇਦ ਆਪ ਵਿਰੋਧੀ , ਕਾਂਗਰਸ ਤੇ ਬਾਦਲ ਦਲੀਆ ਵਿਰੋਧੀ ਸੀ। ਚੋਣ ਮੁੱਦੇ , ਵਾਅਦੇ ਨਾ ਕਿਸੇ ਨੇ ਵਿਚਾਰੇ ਨਾ ਹੀ ਜੇਤੂ ਉਮੀਦਵਾਰ ਤੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਰੰਗ ਬਦਲੇਗਾ ਜਾਂ ਦਿਖਾਏਗਾ । ਕਿਹੜੀ ਐਸੀ ਲੋੜ ਬਣ ਗਈ ਕਿ ਦੇਸ਼ ਵਿੱਚ ਪ੍ਰਸਿੱਧ ਜਾਣੇ ਜਾਂਦੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਨੂੰ ਸਰਦਾਰ ਮਾਨ ਨੇ ਅੱਤਵਾਦੀ ਕਿਹਾ । ਜੇ ਸਿਰਫ਼ ਸੰਗਰੂਰ ਦੀ ਹੀ ਗੱਲ ਕਰੀਏ ਤਾਂ ਲੱਖਾਂ ਵੋਟਰ ਹੋਣਗੇ ਜੋ ਭਗਤ ਸਿੰਘ ਨੂੰ ਇਕ ਪੰਜਾਬੀ ਸਿੱਖ ਵਜੋਂ ਮਹਾਨ ਸ਼ਹੀਦ ਮੰਨਦੇ ਹਨ । ਕੀ ਸਰਦਾਰ ਮਾਨ ਦਾ ਈਮਾਨ ਉਹਨਾਂ ਵੋਟਰਾਂ ਨਾਲ ਰਾਤੋ ਰਾਤ ਬੇਈਮਾਨ ਹੋ ਗਿਆ ? ਮੇਰੀ ਨਜਰੇ ਇਹ ਗਿਣੀ ਮਿਥੀ ਚਾਲ ਹੈ ਜੋ ਸਰਦਾਰ ਮਾਨ ਨੇ ਹਰ ਕੁਰਬਾਨੀ ਵਾਲੇ ਸ਼ਹੀਦ ਜਾਂ ਸਿੱਖ ਬੰਦੀ ਕੈਦੀਆਂ ਤੇ ਉਂਗਲ ਧਰੀ ਹੈ ! ਕਿਸੇ ਵੀ ਕੌਮ ਦੀਆਂ ਬੇੜਿਆਂ ਵਿੱਚ ਵੱਟੇ ਕੋਈ ਅਸਮਾਨੋ ਨਹੀਂ ਡਿਗਦੇ , ਸਿਰਫ਼ ਦਗੇਦਾਰ ਲੋਕ ਹੀ ਇਹ ਵੱਟੇ ਧਰਦੇ ਹਨ , ਤਾਂ ਕਿ ਬੇੜੀ ਡੁੱਬ ਜਾਵੇ । ਤੁਰੰਤ ਆਪਣੇ ਨਾਨੇ ਅਰੂੜ੍ਹ ਸਿੰਘ ਦੇ ਹੱਕ ਵਿੱਚ ਵੀਡੀਓ ਬਿਆਨ ਦੇ ਕੇ ਨਾਨੇ ਦੀਆਂ ਸਿੱਖਾਂ ਤੇ ਦੇਸ਼ ਨਾਲ ਕੀਤੀਆਂ ਗਦਾਰੀਆਂ ਨੂੰ ਧੋਣਾਂ ਸ਼ੁਰੂ ਕਰ ਦਿੱਤਾ । ਇਤਿਹਾਸ ਗਵਾਹ ਹੈ ਕਿ ਜਥੇਦਾਰ ਅਰੂੜ੍ਹ ਸਿੰਘ ਅੰਗਰੇਜ਼ ਸਰਕਾਰ ਦਾ ਪਿਠੂ ਸੀ । ਉਸ ਨੇ ਅੰਗਰੇਜ਼ ਦਾ ਹਮੇਸ਼ਾ ਪਾਣੀ ਭਰਿਆ । ਜਲਿਆਂ ਵਾਲੇ ਬਾਗ ਦੇ ਦੋਸ਼ੀ ਡਾਇਰ ਨੂੰ ਉਸ ਸਮੇਂ ਸਨਮਾਨਿਤ ਕੀਤਾ ਜਦ ਉਸ ਨੇ 1500 ਸਿੱਖਾਂ ਤੇ ਪੰਜਾਬੀਆਂ ਨੂੰ ਇਕ ਦਿਨ ਪਹਿਲਾਂ ਹੀ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ । ਮਾਨ ਸਾਹਿਬ ਹਮੇਸ਼ਾ ਆਪਣੇ ਈਮਾਨ ਨੂੰ ਦਾਅ ਤੇ ਲਾਅ ਕੇ ਬਾਅਦ ਵਿਚ ਈਮਾਨ ਬਦਲ ਲੈਣ ਦੀ ਰੁਚੀ ਬਣਾਉਂਦੇ ਆਏ ਹਨ । ਵਰਨਾ ਸੰਗਰੂਰ ਚੋਣਾਂ ਵਿਚ ਵੋਟਾਂ ਲੈਣ ਖਾਤਰ ਸਿੱਖ ਬੰਦੀ ਕੈਦੀ ਸਰਦਾਰ ਹਵਾਰੇ ਦੇ ਨਾਮ ਦਾ ਵੀ ਆਸਰਾ ਕਿਸ ਪੱਖੋ ਲਿਆ ਸੀ ? ਗਿਰਗਟ ਵਾਂਗੂ ਰੰਗ ਬਦਲਦੇ ਸਰਦਾਰ ਮਾਨ ,2002 ਵਿੱਚ ਇਕ ਅਖ਼ਬਾਰੀ ਬਿਆਨ ਰਾਹੀ ਆਪਣੇ ਨਾਨੇ ਦੀਆਂ ਕੌਮ ਵਿਰੋਧੀ ਕਰਤੂਤਾਂ ਨੂੰ ਨਿੰਦ ਚੁੱਕੇ ਹਨ । ਹੁਣ ਇਹਨਾਂ ਆਪਣੇ ਬੇਟੇ ਸਰਦਾਰ ਈਮਾਨ ਪਾਸੋਂ ਇਹ ਅਰਜ਼ੀ ਦੀਵਾਈ ਕਿ ਭਗਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚੋਂ ਹਟਾਈ ਜਾਵੇ । ਪਿੳ ਪੁੱਤਰ ਸ਼ਾਇਦ ਅੱਜ ਵੀ ਨਾਨੇ , ਪੜਨਾਨੇ ਦੇ ਦੌਰ ਵਿੱਚ ਬੈਠੇ ਮਹਿਸੂਸ ਕਰ ਰਹੇ ਹਨ । ਸ਼ਰੋਮਣੀ ਕਮੇਟੀ ਇਕ ਸਿੱਖ ਸੰਸਥਾ ਹੈ , ਅਜਾਇਬ ਘਰ ਵਿੱਚ ਲੱਗੀਆਂ ਮਹਾਨ ਸਿੱਖਾਂ ਦੀਆਂ ਤਸਵੀਰਾਂ , ਉਹਨਾਂ ਦੀਆਂ ਪ੍ਰਾਪਤੀਆਂ , ਜ਼ਿੰਦਗੀ ਦੀ ਘਾਲਣਾ ਅਤੇ ਦਿੱਤੀਆਂ ਸ਼ਹਾਦਤਾਂ ਦੇ ਮਾਣ ਮਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ ਹਨ । ਇਸ ਸੰਸਥਾ ਦੀ ਹੋਂਦ ਅਰੂੜ੍ਹ ਸਿੰਘ ਵਰਗੇ ਦੋਖੀਆਂ ਤੋਂ ਅਕਾਲ ਤਖਤ ਆਜ਼ਾਦ ਕਰਵਾਉਣ ਸਮੇਂ ਹੋਈ ਸੀ । ਨਾਨੇ , ਪੜਨਾਨੇ ਅਤੇ ਕਾਤਲ ਜਨਰਲ ਡਾਇਰ ਦਾ ਜੋ ਸਾਂਝਾ ਰਿਸ਼ਤਾ ਸੀ ਉਹ ਇਤਿਹਾਸ ਦੇ ਕਾਲੇ ਪੰਨੇ ਹਨ । ਇਹਨਾਂ ਕਾਲੇ ਪੰਨਿਆਂ ਰਾਹੀ ਅੰਗਰੇਜ਼ ਸਾਮਰਾਜ ਨੇ ਜਲਿਆਂ ਵਾਲਾ ਬਾਗ , ਕੂਕਾ ਲਹਿਰ , ਕਲਕੱਤੇ ਬਜਬਜ ਘਾਟ ਦੀਆਂ ਸਿੱਖ ਸ਼ਹੀਦੀਆਂ ,ਸਿੱਖਾਂ ਨੂੰ ਫਾਂਸੀਆਂ ਦੇ ਰੱਸੇਆਂ ਤੇ ਟੰਗਿਆ ਹੈ । ਜ਼ੁਲਮ ਦੀ ਹਰ ਘੜੀ ਵਿੱਚ ਨਾਨੇ , ਪਰਨਾਨੇ ਅਤੇ ਡਾਇਰ ਦੀ ਕਾਤਲ ਜੁੰਡਲ਼ੀ ਅੰਗਰੇਜ਼ ਸਾਮਰਾਜ ਦੇ ਕੁਹਾੜੇ ਦਾ ਦਸਤਾ ਬਣਕੇ ਸਿੱਖਾਂ ਦਾ ਸ਼ਿਕਾਰ ਕਰਦੇ ਰਹੇ ।ਸਰਦਾਰ ਭਗਤ ਸਿੰਘ ਸ਼ਹੀਦ ਨੇ ਇਸੇ ਦਰਿੰਦਗੀ ਦੇ ਜ਼ੁਲਮ ਵਿਰੁੱਧ ਜੂਝਣਾ ,ਸ਼ਹੀਦ ਹੋਣ ਦਾ ਰਾਹ ਅਪਨਾਇਆ ਤਾਂ ਜੋ ਕੌਮ ਉਪਰੋਕਤ ਜਰਵਾਣਿਆਂ ਤੋਂ ਆਜ਼ਾਦ ਹੋਵੇ । ਇਹ ਸ਼ਹਾਦਤ ਵੀ ਉਸ ਨੂੰ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਵੱਲੋਂ ਤਿਲਕ ਜੰਝੂ ਦੇ ਰਾਖੇ ਵਜੋਂ ਦਿੱਤੀ ਸ਼ਹਾਦਤ ਦੇ ਪੂਰਨਿਆਂ ਵਿੱਚੋਂ ਹੀ ਮਿਲੀ । ਗੁਰੂ ਇਤਿਹਾਸ ਅਤੇ ਅੱਜ ਤੱਕ ਦੇ ਸਿੱਖ ਇਤਿਹਾਸ ਦੇ ਸ਼ਹੀਦ ਸਿੱਖ ਕੌਮ ਦੀ ਵਿਰਾਸਤ ਅਤੇ ਗੌਰਵ ਭਰਿਆ ਇਤਿਹਾਸ ਹੈ । ਕੌਮ ਸਾਰੀਆਂ ਸ਼ਹਾਦਤਾਂ ਨੂੰ ਸਾਂਝੇ ਤੌਰ ਤੇ ਹੀ ਮਾਣ ਕਰਦੀ ਆਈ ਹੈ । ਕਦੇ ਕਿਸੇ ਸ਼ਹੀਦ ਦੀ ਕੁਰਬਾਨੀ ਤੇ ਵਖਰੇਵਾਂ ਨਹੀਂ ਦੱਸਿਆ । ਨਾ ਹੀ ਕਦੇ ਇਤਿਹਾਸ ਵਿੱਚ ਅਜਿਹਾ ਹੋਇਆ ਹੈ। ਪਰ ਮਾਨ ਸਾਹਿਬ ਨੇ ਇਕ ਫਾਂਸੀ ਤੇ ਵੜੇ ਭਗਤ ਸਿੰਘ ਨੂੰ ਚੈਲੰਜ ਹੀ ਨਹੀਂ ਕੀਤਾ ਸਗੋਂ ਅਰੂੜ੍ਹ ਸਿੰਘ ਤੇ ਡਾਇਰ ਦੀ ਅੰਗਰੇਜ਼ ਸਾਮਰਾਜ ਜੁੰਡਲ਼ੀ ਨਾਲ ਸਾਂਝ ਦਿਖਾਈ ਹੈ । ਖੁਦ ਤਾਂ ਇਹ ਜਿਹੋ ਜਿਹੇ ਸਨ ਦਿਸ ਰਹੇ ਹਨ , ਪਰ ਜੋ ਬਿਨੇ ਪੱਤਰ ਇਹਨਾਂ ਆਪਣੇ ਪੁੱਤਰ ਈਮਾਨ ਪਾਸ ਦੇ ਕੇ ਸ਼ੋਮਣੀ ਕਮੇਟੀ ਦੇ ਦਫ਼ਤਰ ਭੇਜਿਆ , ਕੀ ਨਾਨੇ , ਪਰਨਾਨੇ ਦੀ ਵਿਰਾਸਤ ਦੇ ਇਹੀ ਲੱਛਣ ਰਹਿਣਗੇ । ਅਜਿਹੀ ਵਿਰਾਸਤ ਵਿੱਚ ਵਧਦਾ ਕਾਲਾ ਪੰਨਾ ਦੇਖ ਕੇ ਇਹਨਾਂ ਦੀ ਕਰਨੀ ਤੇ ਅਫ਼ਸੋਸ ਹੁੰਦਾ ਹੈ , ਕਿ ਕਈ ਬਜੁਰਗ ਵੀ ਆਪਣੀ ਔਲਾਦ ਨੂੰ ਸਹੀ ਰਸਤਾ ਨਹੀਂ ਦਿਖਾ ਸਕਦੇ । ਕਿਉਂਕਿ ਉਨ੍ਹਾਂ ਦਾ ਆਪਣਾ ਖੁਦ ਦਾ ਈਮਾਨ ਹੀ ਬੇਈਮਾਨ ਹੋ ਚੁੱਕਾ ਹੁੰਦਾ ਹੈ । ਉਹ ਕੀ ਮਤ ਦੇਣ ਦੇ ਯੋਗ ਰਹਿ ਜਾਂਦੇ ਹਨ ?
ਸ਼ਹੀਦ ਭਗਤ ਸਿੰਘ ਨੇ ਸਿੱਖ ਕੌਮ ਦੇ ਕੇਸਰੀ ਨਿਸ਼ਾਨ ਵਿੱਚੋਂ ਹੀ ਆਧਾਰ ਮੰਨ ਕੇ ਫਾਂਸੀ ਦੇ ਰਸਤੇ ਤੇ ਚਲਦਿਆਂ ਇਹ ਸ਼ਬਦਾਂ ਦਾ ਆਧਾਰ ਪੈਦਾ ਕੀਤਾ । ਜੋ ਅਟੱਲ ਬੋਲ ਅੱਜ ਵੀ ਪੰਜਾਬ ਦੇ ਬੱਚੇ ਬੱਚੇ ਦੀ ਜ਼ਬਾਨ ਤੇ ਗਾਏ ਜਾ ਰਹੇ ਹਨ , “ਮੇਰਾ ਰੰਗ ਦੇ ਬਸੰਤੀ ਚੋਲਾ”।ਮਾਨ ਸਾਹਿਬ ਤੁਸੀਂ ਕੁਝ ਰਜਵਾੜੇ ਪਿਠੂਆਂ ਨੂੰ ਗੁਮਰਾਹ ਕਰ ਸਕਦੇ ਹੋ । ਸਿੱਖਾਂ ਪੰਜਾਬੀਆਂ ਦੇ ਦਿਲਾਂ ਵਿੱਚੋਂ ਭਗਤ ਸਿੰਘ ਦਾ ਮਾਣ ਤੁਸੀਂ ਘੱਟ ਨਹੀਂ ਕਰ ਸਕਦੇ ।ਅਜਿਹੀ ਸੋਚ ਦਾ ਤਿਆਗ ਕਰੋ , ਵਰਨਾ ਅਜਿਹੀ ਦਗੇਦਾਰ ਸੋਚ ਪਲੇ ਬੰਨ ਕੇ ਖੁਦ ਹੀ ਤਬਾਹ ਹੋ ਜਾਓਗੇ । “ਨਹੀਂ ਮਿਟ ਸਕਤੀ ਸ਼ਹੀਦੋਂ ਕੀ ਹਸਤੀ , ਮਿਟਾਨੇ ਵਾਲੇ ਖੁਦ ਹੀ ਮਿਟ ਜਾਤੇ ਹੈਂ “ ——ਪਰਮਿੰਦਰ ਸਿੰਘ ਬਲ