ਐਮ.ਸੀ. ਮੁਹੰਮਦ ਅਕਬਰ (ਭੋਲੀ) ਦੇ ਕਤਲ ਦੀ ਗੁੱਥੀ ਸੁਲਝੀ , ਤਿੰਨ ਸਾਜਿਸ਼ਕਰਤਾ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ , ਤਾਰਾ ਕੌਨਵੇਂਟ ਸਕੂਲ, ਆਦਮਵਾਲ ਰੋਡ ਤੇ ਫੜੇ ਗਏ ਸ਼ੂਟਰ , ਦੇਸੀ ਕੱਟਾ(ਪਿਸਤੌਲ) ਅਤੇ ਜਿੰਦਾ ਕਾਰਤੂਸ ਬਰਾਮਦ
ਮਾਲੇਰਕੋਟਲਾ (ਡਾਕਟਰ ਸੁਖਵਿੰਦਰ ਬਾਪਲਾ) ਪ੍ਰਸਿੱਧ ਸਮਾਜ ਸੇਵੀ ਅਤੇ ਵਾਰਡ ਨੰਬਰ 18 ਦੇ ਮੌਜੂਦਾ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਦੇ ਕਤਲ ਦੀ ਗੁੱਥੀ ਪੂਰੀ ਤਰ੍ਹਾਂ ਸੁਲਝਾਉਣ ਦਾ ਦਾਅਵਾ ਅੱਜ ਜਿ਼ਲ੍ਹਾ ਮਾਲੇਰਕੋਟਲਾ ਦੀ ਐਸ.ਐਸ.ਪੀ. ਮੈਡਮ ਅਵਨੀਤ ਕੌਰ ਵੱਲੋਂ ਕੀਤਾ ਗਿਆ। ‘ਭੋਲੀ’ ਨੂੰ ਦੋ ਨੌਜਵਾਨਾਂ ਵੱਲੋਂ 31 ਜੁਲਾਈ ਐਤਵਾਰ ਨੂੰ ਉਹਨਾਂ ਦੇ ਮਾਲੇਰਕੋਟਲਾ ਲੁਧਿਆਣਾ ਰੋਡ ਤੇ ਸਥਿਤ ਜਿੰਮ ਅੰਦਰ ਦਾਖਲ ਹੋ ਕੇ ਨੇੜੇ ਤੋਂ ਦਿਲ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐਸ.ਐਸ.ਪੀ. ਅਵਨੀਤ ਕੌਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ‘ਭੋਲੀ’ ਤੇ ਗੋਲੀ ਚਲਾਉਣ ਵਾਲੇ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਨੌਧਰਾਣੀ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿਥੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ‘ਭੋਲੀ’ ਨੂੰ ਸ਼ੂਟ ਕਰਨ ਵਾਲੇ ਨੌਜਵਾਨ ਆਦਮਵਾਲ ਰੋਡ ਤੇ ਤਾਰਾ ਕੌਨਵੈਂਟ ਸਕੂਲ ਪਾਸ ਮੌਜੂਦ ਹਨ। ਪੁਲਿਸ ਨੇ ਤੁਰੰਤ ਤਾਰਾ ਕੌਨਵੈਂਟ ਸਕੂਲ ਪਾਸ ਨਾਕਾਬੰਦੀ ਕਰਕੇ ਇਹਨਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਤਿੰਨ ਦੋਸ਼ੀਆਂ ਦਾ 8 ਅਗਸਤ ਤੱਕ ਪੁਲਿਸ ਰਿਮਾਂਡ ਲਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ‘ਭੋਲੀ’ ਦਾ ਮੁੱਖ ਮੁਲਜ਼ਮ ਨਾਲ ਢਾਈ ਕਰੋੜ ਰੁਪਏ ਦਾ ਲੈਣ ਦੇਣ ਚਲਦਾ ਸੀ ਜਿਸ ਨੂੰ ਹੜਪਨ ਦੀ ਨਿਯਤ ਨਾਲ ਉਸਨੇ ‘ਭੋਲੀ’ ਨੂੰ ਮਾਰਨ ਦੀ ਸੁਪਾਰੀ 20 ਲੱਖ ਰੁਪਏ ਵਿੱਚ ਦੇ ਦਿੱਤੀ।