ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ 1 ਅਗਸਤ ਤੋਂ
ਜ਼ਿਲੇ ਦੇ 16 ਸਰਕਾਰੀ ਅਤੇ 26 ਪ੍ਰਾਈਵੇਟ ਹਸਪਤਾਲਾਂ ਵਿੱਚ ਹੋਵੇਗਾ ਮੁਫਤ ਇਲਾਜ
ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਰਜਿਸਟਰੇਸ਼ਨ ਅਗਸਤ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਜ਼ਿਲਾ ਲੁਧਿਆਣਾ ਦੇ ਤਕਰੀਬਨ 4 ਲੱਖ 49 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 2 ਲੱਖ 18 ਹਜ਼ਾਰ ਐਸ.ਈ.ਸੀ.ਸੀ. (ਸੋਸ਼ੀਓ ਇਕਨਾਮਿਕ ਕਾਸਟ ਸੈਂਸਜ਼) ਪਰਿਵਾਰ, 1 ਲੱਖ 66 ਹਜ਼ਾਰ ਨੀਲਾ ਕਾਰਡ ਧਾਰਕ, 40 ਹਜ਼ਾਰ ਕਿਸਾਨ, 10 ਹਜ਼ਾਰ ਛੋਟੇ ਵਪਾਰੀ ਅਤੇ 15 ਹਜ਼ਾਰ ਉਸਾਰੀ ਕਾਮੇ ਸ਼ਾਮਿਲ ਕੀਤੇ ਹਨ, ਜੋ ਕਿ ਕੁੱਲ ਗਿਣਤੀ 4 ਲੱਖ 49 ਹਜ਼ਾਰ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਸਰਕਾਰ ਵੱਲੋਂ ਇਫਕੋ-ਟੋਕੀਓ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਕੈਸ਼ਲੈਸ ਇੰਸ਼ੋਰੈਂਸ ਸਕੀਮ ਅਧੀਨ ਹਰ ਸਾਲ ਇੱਕ ਪਰਿਵਾਰ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈ। ਇਸ ਸਕੀਮ ਦਾ ਲੋਕਾਂ ਨੂੰ ਲਾਭ ਦੇਣ ਲਈ ਜ਼ਿਲਾ ਲੁਧਿਆਣਾ ਦੇ 16 ਸਰਕਾਰੀ ਅਤੇ 26 ਪ੍ਰਾਈਵੇਟ ਹਸਪਤਾਲਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਕੀਮ ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ 1 ਅਗਸਤ-2019 ਤੋ ਸ਼ੁਰੂ ਹੋ ਰਹੀ ਹੈ ਅਤੇ ਲਾਭਪਾਤਰੀਆਂ ਗੋਲਡਨ ਕਾਰਡ ਜਾਰੀ ਕੀਤਾ ਜਾਣਾ ਹੈ, ਦੇ ਸੰਬੰਧ ਵਿੱਚ ਸਾਰੇ ਜਰੂਰੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ। ਉਹਨਾਂ ਦੱਸਿਆ ਕਿ ਇਹ ਸਕੀਮ ਸੂਬੇ ਦੇ 43 ਲੱਖ 18 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ, ਜੋ ਕਿ ਰਾਜ ਦੀ ਅਬਾਦੀ ਦਾ 70 ਪ੍ਰਤੀਸ਼ਤ ਬਣਦਾ ਹੈ। ਉਨਾਂ ਕਿਹਾ ਕਿ ਇਹ ਸਕੀਮ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੇਹੱਦ ਫਾਇਦੇਮੰਦ ਹੋਵੇਗੀ ਅਤੇ ਲੋਕ ਸੁਰੱਖਿਅਤ ਜੀਵਨ ਬਤੀਤ ਕਰ ਸਕਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦੀ ਜਾਣਕਾਰੀ ਲਈ ਇੰਪੈਨਲਡ ਹਸਪਤਾਲਾਂ ਵਿੱਚ ਇਸ ਸਕੀਮ ਸਬੰਧੀ ਬੈਨਰ ਲਗਾਏ ਜਾਣ ਅਤੇ ਹੈੱਲਪ ਡੈੱਸਕ ਸਥਾਪਤ ਕੀਤੇ ਜਾਣ। ਸਿਹਤ ਵਿਭਾਗ ਦੇ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਸਰਕਾਰ ਵੱਲੋ ਪਹਿਲੀ ਅਗਸਤ 2019 ਤੋਂ 9000 ਹਜ਼ਾਰ ਕਮਿਊਨਿਟੀ ਸਰਵਿਸ ਸੈਂਟਰ ਖੋਲੇ ਜਾ ਰਹੇ ਹਨ। ਰਜਿਸਟ੍ਰੇਸ਼ਨ ਲਈ ਲੋੜਵੰਦ ਇਹਨਾਂ ਸੈਂਟਰਾਂ 'ਤੇ ਅਧਾਰ ਕਾਰਡ ਦੇ ਨਾਲ ਕਿਸਾਨ 'ਜੇ' ਫਾਰਮ, ਛੋਟੇ ਵਪਾਰੀ ਪੈਨ ਕਾਰਡ, ਉਸਾਰੀ ਕਾਮੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ (ਬੀ.ਓ.ਸੀ.ਡਬਲਯੂ.ਡਬਲਯੂ.ਬੀ.) ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਅਤੇ ਨੀਲਾ ਰਾਸ਼ਨ ਕਾਰਡ ਲੈ ਕੇ ਜਾਣ। ਉਹਨਾਂ ਦੱਸਿਆ ਕਿ ਸਫ਼ਲ ਵਿਅਕਤੀਆਂ ਨੂੰ ਈ-ਕਾਰਡ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨਾਲ ਉਹ ਇਸ ਸਕੀਮ ਦੇ ਲਾਭ ਲੈਣ ਦੇ ਯੋਗ ਹੋ ਜਾਣਗੇ। ਇਸ ਦੌਰਾਨ ਆਪਣੇ ਦਫ਼ਤਰ ਵਿਖੇ ਅਗਰਵਾਲ ਨੇ ਸਿਹਤ ਅਤੇ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰਨ ਬਾਰੇ ਕਿਹਾ।