ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਸੌਦਾ ਸਾਧ ਦੇ ਚੇਲਿਆ ਵਿਰੁੱਧ ਸੀ.ਬੀ.ਆਈ. ਵੱਲੋਂ ਅਦਾਲਤ 'ਚ ਪੇਸ਼ ਕੇਸ ਬੰਦ ਕਰਨ ਦੀ ਰਿਪੋਰਟ ਵਿਰੁੱਧ ਬੇਅਦਬੀ ਇਨਸਾਫ਼ ਮੋਰਚਾ ਵਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ 19 ਅਗਸਤ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ। ਬੇਅਦਬੀ ਦੇ ਇਨਸਾਫ਼ ਲਈ ਸੰਘਰਸ਼ 'ਚ ਨਿੱਤਰੀਆਂ ਸਿੱਖ ਜਥੇਬੰਦੀਆਂ ਦੀ ਸੰਘਰਸ਼ ਦੇ ਅਗਲੇਰੇ ਪ੍ਰੋਗਰਾਮ ਨੂੰ ਉਲੀਕਣ ਲਈ ਅੱਜ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਵਿਖੇ, ਮੀਟਿੰਗ ਸੱਦੀ ਗਈ। ਸਰਕਾਰ ਨੂੰ ਸਿੱਖ ਜਥੇਬੰਦੀਆਂ ਦੀ ਮੀਟਿੰਗ ਤੋਂ ਐਨਾ ਡਰ ਪੈਦਾ ਹੋ ਗਿਆ ਕਿ ਗੁਰਦੁਆਰਾ ਸਾਹਿਬ ਵਾਲੇ ਇਲਾਕੇ ਨੂੰ ਪੁਲਿਸ ਛਾਉਣੀ 'ਚ ਬਦਲ ਦਿੱਤਾ ਅਤੇ ਗੁਰਦੁਆਰਾ ਸਾਹਿਬ ਨੂੰ ਆਉਂਦੇ ਸਾਰੇ ਰਾਹ ਬੈਰੀਕਾਡ ਲਾ ਕੇ ਬੰਦ ਕਰ ਦਿੱਤੇ ਗਏ। ਇਥੋਂ ਤੱਕ ਪੁਲਿਸ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਵਰਾਂਡੇ ਤੱਕ ਤਾਇਨਾਤ ਕਰ ਦਿੱਤੀ। ਜਿਸ ਨੂੰ ਸਿੱਖ ਸੰਗਤਾਂ ਦੇ ਵਿਰੁੱਧ ਤੋਂ ਬਾਅਦ ਗੁਰੂ ਘਰ 'ਚੋਂ ਬਾਹਰ ਕੱਢ ਲਿਆ ਗਿਆ। ਇਸ ਸਮੇਂ ਚੰਡੀਗੜ ਪੁਲਿਸ ਵਲੋਂ 22 ਜੁਲਾਈ ਨੂੰ ਸਿੱਖ ਸੰਗਤਾਂ 'ਤੇ ਢਾਹੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਅੱਜ ਗੁਰਦੁਆਰਾ ਸਾਹਿਬ ਨੂੰ ਘੇਰ ਕੇ ਸਿੱਖ ਸੰਗਤਾਂ 'ਚ ਪੈਦਾ ਕੀਤੇ ਜਾਣ ਵਾਲੇ ਡਰ ਸਬੰਧੀ ਵੀ ਨਿੰਦਾ ਮਤਾ ਪਾਸ ਕੀਤਾ ਗਿਆ। ਭਾਈ ਸੁਖਜੀਤ ਸਿੰਘ ਖੋਸੇ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਖਾਲਸਾ, ਭਾਈ ਵਿਸਾਖਾ ਸਿੰਘ ਖਾਲਸਾ, ਭਾਈ ਜਰਨੈਲ ਸਿੰਘ, ਭਾਈ ਤਰਨਜੀਤ ਸਿੰਘ ਨਿਮਾਣਾ, ਭਾਈ ਅੰਮ੍ਰਿਤਪਾਲ ਸਿੰਘ, ਪ੍ਰਿੰ. ਭੁਪਿੰਦਰ ਸਿੰਘ ਨਾਰੰਗਵਾਲ, ਗੁਰਭੇਜ ਸਿੰਘ ਜੈਮਲ ਸਿੰਘ ਵਾਲਾ, ਚੰਦ ਸਿੰਘ ਵੈਰੋਕੇ, ਮੋਹਣ ਸਿੰਘ ਸੰਗੋਵਾਲ ਆਦਿ ਪੰਥਕ ਆਗੂਆਂ ਨੇ ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਬੇਅਦਬੀ ਦੇ ਮੁੱਦੇ 'ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖਾਂ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਉਕਤ ਆਗੂਆਂ ਨੇ ਇਸ ਸਮੇਂ ਆਖਿਆ ਕਿ ਸਿੱਖ ਬੇਅਦਬੀ ਮੁੱਦੇ 'ਤੇ ਇਨਸਾਫ਼ ਲਏ ਤੋਂ ਬਿਨਾਂ ਚੈਨ ਨਾਲ ਨਹੀਂ ਬੈਠਣਗੇ। ਕਿਉਂਕਿ ਕੌਮ ਨੇ ਹੁਣ 'ਕਰੋ ਜਾਂ ਮਰੋ' ਦਾ ਫ਼ੈਸਲਾ ਕਰ ਲਿਆ ਹੈ। ਉਨਾਂ ਆਖਿਆ ਕਿ ਸਰਕਾਰ ਸੌਦਾ ਸਾਧ ਤੇ ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ, ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਸੰਗਤਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 19 ਅਗਸਤ ਨੂੰ ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਸ ਤੋਂ ਪਹਿਲਾ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਸੀ.ਬੀ.ਆਈ. ਵਲੋਂ ਪੇਸ਼ ਸੌਦਾ ਸਾਧ ਦੇ ਚੇਲਿਆ ਨੂੰ ਕਲੀਨ ਚਿੱਟ ਵਿਰੁੱਧ ਲੋਕ ਸਭਾ 'ਚ ਮੁੱਦਾ ਚੁੱਕਣ ਲਈ ਯਾਦ ਪੱਤਰ 4 ਅਗਸਤ ਨੂੰ ਦਿੱਤੇ ਜਾਣਗੇ। ਇਸ ਸਮੇਂ ਮਹਿੰਦਰ ਸਿੰਘ, ਕੇਵਲ ਸਿੰਘ, ਭਾਈ ਬਲਕਾਰ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ ਖਾਲਸਾ, ਭਾਈ ਵਜੀਰ ਸਿੰਘ, ਭੁਪਿੰਦਰ ਸਿੰਘ ਕੈਂਥ, ਧਰਮਿੰਦਰ ਸਿੰਘ ਖਾਲਸਾ, ਹਰਵਿੰਦਰ ਸਿੰਘ, ਜਗਦੇਵ ਸਿੰਘ ਨਕੋਦਰ, ਪ੍ਰਿਥਵੀ ਸਿੰਘ, ਲਖਵੰਤ ਸਿੰਘ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ, ਨਵਦੀਪ ਸਿੰਘ ਸੀਲੋ ਕਲਾਂ, ਰਣਜੀਤ ਸਿੰਘ ਖਾਲਸਾ, ਲਖਵਿੰਦਰ ਸਿੰਘ ਟਕਸਾਲੀ, ਸੁਰਜੀਤ ਸਿੰਘ, ਭਾਈ ਨਰਿੰਦਰ ਸਿੰਘ, ਰਾਜਿੰਦਰ ਸਿੰਘ, ਜਗਰੂਪ ਸਿੰਘ ਅਤੇ ਪ੍ਰਦੀਪ ਸਿੰਘ ਜੱਸੀਆਂ ਆਦਿ ਹਾਜਰ ਸਨ।