ਜਗਰਾਉਂ, 29 ਜੂਨ (ਰਣਜੀਤ ਸਿੱਧਵਾਂ) :- ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਲੁਧਿਆਣਾ ਦਿਹਾਤੀ ਜੀ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਵਲਾਫ਼ ਸਖ਼ਤ ਕਾਰਵਾਈ ਹਿੱਤ ਚਲਾਈ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਅਨਿਲ ਕੁਮਾਰ ਭਨੋਟ ਪੀ. ਪੀ. ਐੱਸ. /ਡੀ. ਐੱਸ. ਪੀ. (ਡੀ ) ਜਗਰਾਉਂ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਜਗਰਾਓਂ ਦੀ ਅਗਵਾਈ ਤਹਿਤ ਐੱਸ. ਆਈ. ਕਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਮੇਨ ਚੌਕ ਮੰਡੀ ਮੁੱਲਾਂਪੁਰ ਮੌਜੂਦ ਸੀ ਤਾਂ ਖਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਚਰਨ ਕਮਲ ਗਰੇਵਾਲ ਪੁੱਤਰ ਸਤਪਾਲ ਸਿੰਘ ਵਾਸੀ ਫਤਿਹਪੁਰ ਬਾਡ਼ੇਵਾਲ ਅਵਾਲਾ ਰਾਜਗੁਰੂ ਨਗਰ ਲੁਧਿਆਣਾ, ਹਾਲ ਵਾਸੀ ਪੰਜਾਬੀ ਬਾਗ ਸਮਰਾਲਾ ਰੋਡ ਖੰਨਾ ਅਤੇ ਬਬਲੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਧਾਲੀਵਾਲ ਛਾਜਲੀ ਜ਼ਿਲ੍ਹਾ ਸੰਗਰੂਰ, ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ ਜੋ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਖੰਨਾ ਵਾਇਆ ਲੁਧਿਆਣਾ ਮੰਡੀ ਮੁੱਲਾਂਪੁਰ ਆ ਰਹੇ ਹਨ। ਇਤਲਾਹ ਪੱਕੀ ਹੋਣ ਤੇ ਪੁਲੀਸ ਵੱਲੋਂ ਨਾਕੇ ਦੌਰਾਨ ਉਕਤ ਵਿਅਕਤੀਆਂ ਪਾਸੋਂ ਮੋਟਰਸਾਈਕਲ ਬੁਲਟ ਕਾਬੂ ਕਰਕੇ ਇਨ੍ਹਾਂ ਪਾਸੋਂ 32 ਬੋਰ ਪਿਸਟਲ ਸਮੇਤ, 01 ਮੈਗਜ਼ੀਨ, 06 ਜ਼ਿੰਦਾ ਕਾਰਤੂਸ, 32 ਬੋਰ ਅਤੇ 01 ਮੈਗਜ਼ੀਨ, 30 ਬੋਰ ਪਿਸਟਲ ਸਮੇਤ 01 ਜਿੰਦਾ ਕਾਰਤੂਸ 30 ਬੋਰ ਬਰਾਮਦ ਕੀਤੇ ਗਏ । ਬਬਲੀ ਸਿੰਘ ਨੇ ਪੁੱਛਗਿੱਛ ਦੌਰਾਨ ਇਕ ਹੋਰ 30 ਬੋਰ ਪਿਸਟਲ ਜੋ ਛਾਜਲੀ ਵਿਖੇ ਉਸ ਦੇ ਘਰੋਂ ਹੋਣ ਬਾਰੇ ਇਕਬਾਲ ਕੀਤਾ ਤਾਂ ਉਸ ਦੇ ਘਰੋਂ 30 ਬੋਰ ਪਿਸਟਲ ਦੇਸੀ ਅਤੇ 11 ਜ਼ਿੰਦਾ ਕਾਰਤੂਸ 32 ਬੋਰ ਵੀ ਬਰਾਮਦ ਕੀਤੇ। ਉਕਤ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੋਂ ਗਰਮ ਖਿਆਲੀ ਹਨ ਅਤੇ ਇਹ ਦੋਨੋਂ ਪਿਸਤੌਲ ਅਤੇ ਕਾਰਤੂਸ ਮੱਧ ਪ੍ਰਦੇਸ ਤੋਂ ਖਰੀਦ ਕਰ ਕੇ ਲੈ ਕੇ ਆਏ ਸਨ। ਉਕਤ ਵਿਅਕਤੀਆਂ ਨੇ ਆਪਣੇ ਆਪ ਨੂੰ ਪੰਜਾਬ ਵਿੱਚ ਗਰਮ ਖਿਆਲੀ ਦੇ ਤੌਰ ਤੇ ਪੇਸ਼ ਕਰਕੇ ਬਾਹਰ ਬੈਠੇ ਖਾਲਿਸਤਾਨੀ ਪੱਖੀ ਲੋਕਾਂ ਪਾਸੋਂ ਪੈਸੇ ਕਮਾਉਣ ਦਾ ਜ਼ਰੀਆ ਬਣਾਉਣਾ ਸੀ। ਉਕਤ ਵਿਅਕਤੀਆਂ ਤੇ ਆਰਮਜ਼ ਐਕਟ ਅਧੀਨ ਥਾਣਾ ਦਾਖਾ ਵਿਖੇ ਕੇਸ ਰਜਿਸਟਰ ਕੀਤਾ ਗਿਆ ।ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ ।