ਭਾਰਤ ਨੂੰ ਸਿੱਖਾਂ ਨੇ ਆਪਣਾ ਖੂਨ ਡੋਲ੍ਹ ਕੇ ਅਜ਼ਾਦ ਕਰਵਾਇਆ ਪਰ ਉਹ ਪੰਜਾਬ ਦਾ ਪਾਣੀ ਵੀ ਖੋਹਣ ਨੂੰ ਫਿਰਦੇ ਨੇ :ਦੇਵ ਸਰਾਭਾ
ਮੁੱਲਾਂਪੁਰ ਦਾਖਾ, 24 ਜੂਨ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 124ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਉੱਘੇ ਗੀਤਕਾਰ ਹਰੀ ਸਿੰਘ ਟੂਸਾ,ਪਰਵਿੰਦਰ ਸਿੰਘ ਟੂਸਾ,ਜਸਵੰਤ ਸਿੰਘ ਟੂਸਾ,ਰਾਜਵੀਰ ਸਿੰਘ ਲੋਹਟਬੱਦੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਪਾਣੀਆਂ ਤੇ ਡਾਕਾ ਦਰਸਾਉਂਦਾ ਗੀਤ ਐਸ ਵਾਈ ਐਲ ਸਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ।ਜਿਸ ਨੇ ਪੂਰੀ ਦੁਨੀਆਂ ਤੇ ਤਹਿਲਕਾ ਮਚਾ ਕੇ ਰੱਖ ਦਿੱਤਾ।ਉਥੇ ਹੀ ਜਦੋਂ ਇਸ ਗੀਤ ਵਿੱਚ ਖਾੜਕੂ ਲਹਿਰ ਦੇ ਸਿੰਘ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਇਆ ਤਾਂ ਨੌਜਵਾਨ ਪੀੜ੍ਹੀ ਨੇ ਉਨ੍ਹਾਂ ਦੀ ਜੀਵਨੀ ਪੜ੍ਹਨਾ ਅਤਿ ਜ਼ਰੂਰੀ ਸਮਝਿਆ।ਕਿੱਦਾਂ ਭਾਈ ਜਟਾਣਾ ਨੇ ਪੰਜਾਬ ਦੇ ਪਾਣੀ ਤੇ ਪੈਂਦਾ ਡਾਕਾ ਰੋਕਿਆ। ਉਥੇ ਹੀ ਇਸ ਗੀਤ 'ਚ ਸਿੱਧੂ ਮੂਸੇਵਾਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਹਾਅ ਦਾ ਨਾਅਰਾ ਮਾਰਿਆ।ਉਨ੍ਹਾਂ ਅੱਗੇ ਆਖਿਆ ਕਿ ਜਿਸ ਦੇਸ਼ ਨੂੰ ਸਿੱਖ ਕੌਮ ਨੇ ਆਪਣਾ ਖੂਨ ਡੋਲ੍ਹ ਕੇ ਅਜ਼ਾਦ ਕਰਵਾਇਆ ਉਹ ਪੰਜਾਬ ਦਾ ਪਾਣੀ ਵੀ ਖੋਹਣ ਨੂੰ ਫਿਰਦੇ ਨੇ।ਇਸ ਤੋਂ ਇਲਾਵਾ ਸਰਕਾਰਾਂ ਪੰਜਾਬ ਦੇ ਹੱਕੀ ਮੰਗਾਂ ਤੇ ਡਾਕੇ ਮਾਰਨ ਨੂੰ ਤਿਆਰ ਬਰ ਤਿਆਰ ਰਹਿੰਦੀ ਹਨ । ਜੇ ਕਰ ਅਸੀਂ ਸ਼ਾਂਤਮਈ ਤਰੀਕੇ ਨਾਲ ਹੱਕ ਮੰਗੀਏ ਤਾਂ ਉਹ ਸਾਨੂੰ ਅਤਿਵਾਦੀ ਕਹਿੰਦੇ ਹਨ । ਜਦ ਕਿ ਸਰਕਾਰਾਂ ਵੱਲੋਂ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰ ਕੇ ਸਾਨੂੰ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾਂਦਾ।ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 125 ਵੇਂ ਦਿਨ ਪੂਰੇ ਹੋਣ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਯਾਦ ਰਿਹਾਅ ਕਰਵਾਉਣ ਲਈ 25 ਜੂਨ ਨੂੰ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਸੌ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਿਹ ਕਰਵਾਉਣ ਲਈ ਸਰਾਭਾ ਵਿਖੇ ਪਹੁੰਚੋ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਸੁਮਨਜੀਤ ਸਿੰਘ ਸੋਨੀ ਸਰਾਭਾ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਹਰਦੀਪ ਸਿੰਘ ਸਰਾਭਾ,ਬੱਬੂ ਸਰਾਭਾ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।