ਮੁੱਲਾਂਪੁਰ ਦਾਖਾ,23 ਜੂਨ(ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ (ਦਿੱਲੀ) ਦੇ ਪ੍ਰੋਗਰਾਮ ਮੁਤਾਬਕ ਅਤੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 24 ਜੂਨ ਨੂੰ ਠੀਕ 10 ਵਜੇ ਤੋਂ ਕੇਂਦਰ ਦੀ ਫ਼ਿਰਕੂ -ਫਾਸ਼ੀ, ਲੋਕ ਵਿਰੋਧੀ ਤੇ ਨੌਜਵਾਨ ਵਿਰੋਧੀ ਮੋਦੀ ਹਕੂਮਤ ਦੇ ਸਾਜ਼ਿਸ਼ੀ- ਮਨਸੂਬੇ ਅਧੀਨ ਦੇਸ਼ ਭਰ 'ਚ ਕੇਵਲ 4 ਸਾਲਾਂ ਲਈ ਕੀਤੀ ਜਾ ਰਹੀ ਠੇਕਾ ਮਾਰਕਾ ਫ਼ੌਜੀ ਭਰਤੀ ਨੂੰ ਰੱਦ ਕਰਵਾਉਣ ਲਈ ਨੌਜਵਾਨ- ਲਹਿਰ ਦੀ ਭਰਾਤਰੀ ਹਮਾਇਤ ਕਰਨ ਵਾਸਤੇ ਚੌਂਕੀਮਾਨ ਟੋਲ 'ਤੇ ਕਿਸਾਨ -ਮਜ਼ਦੂਰ ਪ੍ਰਦਰਸ਼ਨ ਕੀਤਾ ਜਾਵੇਗਾ ।
ਇਸ ਐਕਸ਼ਨ ਦਾ ਐਲਾਨ ਅੱਜ ਤਲਵੰਡੀ ਕਲਾਂ ਵਿਖੇ ਹੋਈ ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਉਪਰੰਤ ਜਥੇਬੰਦੀ ਦੇ ਪ੍ਰਧਾਨ ਸ. ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ ,ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਤੇ ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਨੇ ਵਿਸ਼ੇਸ਼ ਤੌਰ ਤੇ ਕੀਤਾ ।
ਇਸ ਪ੍ਰਦਰਸ਼ਨ ਦੀ ਤਿਆਰੀ ਲਈ ਪਿੰਡ -ਪਿੰਡ ਲਾਮਬੰਦੀ ਮੁਹਿੰਮ ਬਕਾਇਦਾ ਜਾਰੀ ਹੈ, ਜਿਸ ਦੇ ਸਿੱਟੇ ਵਜੋਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਬੀਬੀਆਂ ਦੀ ਵੱਧ ਚਡ਼੍ਹ ਕੇ ਸ਼ਮੂਲੀਅਤ ਹੋਵੇਗੀ।
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਗਮੋਹਣ ਸ. ਸਵੱਦੀ, ਡਾ. ਗੁਰਮੇਲ ਸ.ਕੁਲਾਰ, ਜਥੇਦਾਰ ਗੁਰਮੇਲ ਸ.ਢੱਟ, ਅਮਰ ਸ. ਖੰਜਰਵਾਲ, ਤੇਜਿੰਦਰ ਸ. ਬਿਰਕ, ਚਰਨ ਸ. ਤਲਵੰਡੀ, ਨਿਰਭੈ ਸ. ਤਲਵੰਡੀ, ਸੁਰਜੀਤ ਸ. ਸਵੱਦੀ ਉਚੇਚੇ ਤੌਰ ਤੇ ਹਾਜ਼ਰ ਹੋਏ।