You are here

ਈਸਟਰਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿੱਚ ਟੇਲਾਂ ਤੱਕ ਪੁੱਜਿਆ ਪਾਣੀ, ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਦੀ ਅਪੀਲ  

ਜਲਾਲਾਬਾਦ ਅਤੇ ਫਾਜ਼ਿਲਕਾ ਦੇ ਵਿਧਾਇਕਾਂ ਦੇ ਯਤਨਾਂ ਨੂੰ ਪਿਆ ਬੂਰ  
ਫ਼ਾਜ਼ਿਲਕਾ 19  ਜੂਨ  (ਰਣਜੀਤ ਸਿੱਧਵਾਂ) : ਈਸਟਰਨ ਕੈਨਾਲ ਵਿਚੋਂ ਨਿਕਲਣ ਵਾਲੀਆਂ ਵੱਖ-ਵੱਖ ਨਹਿਰਾਂ ਰਾਹੀਂ ਫ਼ਾਜ਼ਿਲਕਾ ਅਤੇ ਜਲਾਲਾਬਾਦ ਖੇਤਰਾਂ ਵਿੱਚ ਟੇਲਾਂ ਤੱਕ ਸਿੰਚਾਈ ਵਿਭਾਗ ਨਹਿਰੀ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਹੋਇਆ ਹੈ।  ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਦੇ ਸੱਦੇ ਤੇ ਸਿੰਚਾਈ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵੀ ਇਲਾਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਗਏ ਸਨ । ਜਿਸ ਤੋਂ ਬਾਅਦ ਈਸਟਰਨ ਨਹਿਰ ਮੰਡਲ ਅਧੀਨ ਆਉਂਦੀਆਂ ਨਹਿਰਾਂ ਵਿੱਚੋਂ ਸਦਰਨ ਨਹਿਰ ਸਿਸਟਮ,  ਫ਼ਾਜ਼ਿਲਕਾ ਨਹਿਰ ਸਿਸਟਮ, ਜੰਡਵਾਲਾ ਨਹਿਰ ਸਿਸਟਮ, ਤਰੋਬੜੀ  ਨਹਿਰ ਸਿਸਟਮ, ਕਾਲੇ ਵਾਲਾ ਸਿਸਟਮ ਅਤੇ ਬਰਕਤ ਵਾਲਾ ਸਿਸਟਮ ਦੀਆਂ ਨਹਿਰਾਂ ਵਿੱਚ ਪੁੂਰਾ ਪਾਣੀ ਪਹੁੰਚਣ ਲੱਗਿਆ ਹੈ ।
ਵਿਭਾਗ ਦੇ ਕਾਰਜਕਾਰੀ ਇੰਜਨੀਅਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟਾਉਣ ਲਈ ਕਿਸਾਨਾਂ ਨੂੰ ਇਸ ਇਲਾਕੇ ਵਿੱਚ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਦੀ ਸਫਾਈ ਕਰਵਾਉਣ ਤੋਂ ਬਾਅਦ 17 ਜੂਨ ਤੋਂ ਇਲਾਕੇ ਦੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਝੋਨੇ ਦੀ ਲਵਾਈ ਕਰ ਸਕਣ। ਐੱਸਡੀਓ ਸੁਨੀਲ ਕੁਮਾਰ ਨੇ ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਇਸੇ ਤਰ੍ਹਾਂ ਮਿਲਦਾ ਰਹੇਗਾ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਿਊਬਵੈੱਲਾਂ ਦਾ ਪਾਣੀ ਵਰਤਣ ਦੀ ਬਜਾਏ ਨਹਿਰਾਂ ਦਾ ਪਾਣੀ ਖੇਤੀ ਲਈ ਵਰਤਣ ਕਿਉਂਕਿ ਇਹ ਜ਼ਮੀਨ ਸੁਧਾਰ ਲਈ ਵੀ ਚੰਗਾ ਹੈ ਅਤੇ ਇਸ ਨਾਲ ਫ਼ਸਲ ਵੀ ਚੰਗੀ ਹੁੰਦੀ ਹੈ  ਅਤੇ ਅਜਿਹਾ ਕਰਕੇ ਅਸੀਂ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ  ਤੋਂ ਰੋਕ ਸਕਦੇ ਹਾਂ।ਐਸਡੀਓ ਸੁਨੀਲ ਕੁਮਾਰ ਨੇ ਦੱਸਿਆ ਕਿ ਸਦਰਨ ਸਿਸਟਮ ਵਿੱਚੋਂ ਨਿਕਲਦੀਆਂ ਕਬੂਲਸ਼ਾਹ ਮਾਈਨਰ, ਨਿਊ ਲੱਖੇ ਕੇ ਮਾਈਨਰ, ਬਾਂਡੀਵਾਲਾ ਮਾਈਨਰ, ਸਟੇਟ ਮਾਈਨਰ, ਫ਼ਾਜ਼ਿਲਕਾ ਸਿਸਟਮ ਚੋਂ ਨਿਕਲਦੀਆਂ ਮੌਸਮ ਮਾਈਨਰ, ਲਾਲਾਂ ਵਾਲੀ ਮਾਈਨਰ, ਆਲਮਸ਼ਾਹ ਮਾਈਨਰ, ਕੇਰੀਆਂ ਮਾਈਨਰ ਅਤੇ  ਜੰਡਵਾਲਾ ਡਿਸਟੀਬਿਊਟਰੀ ਚੋਂ ਨਿਕਲਦੀਆਂ ਅੰਭੁਨ ਮਾਈਨਰ ਅਤੇ ਓਡੀਆ ਮਾਈਨਰ ਆਪਣੀ ਪੂਰੀ ਸਮਰੱਥਾ ਤੇ ਚੱਲ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ  ਅਤੇ ਦਿਨ ਰਾਤ 24 ਘੰਟੇ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਜੇਕਰ ਰਾਤ ਸਮੇਂ ਪਾਣੀ ਨਾ ਵਰਤਿਆ ਜਾਵੇ ਅਤੇ ਮੋਘੇ ਬੰਦ ਕਰ ਦਿੱਤੇ ਜਾਣ ਤਾਂ ਨਹਿਰ ਨੂੰ ਨੁਕਸਾਨ ਹੋਣ ਦਾ ਡਰ ਬਣ ਜਾਂਦਾ ਹੈ।ਇਸੇ ਤਰਾਂ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਸਮੇਂ ਵੀ ਮੋਘੇ ਬੰਦ ਨਾ ਕੀਤੇ ਜਾਣ ਕਿਉਂਕਿ ਇਸ ਨਾਲ ਵੀ ਨਹਿਰ ਟੁੱਟਣ ਦਾ ਡਰ ਬਣ ਜਾਂਦਾ ਹੈ ਜਿਸ ਨਾਲ ਸਰਕਾਰੀ ਸੰਪਤੀ ਦੇ ਨੁਕਸਾਨ ਦੇ ਨਾਲ-ਨਾਲ ਜਿੱਥੇ ਨਹਿਰ ਟੁੱਟਦੀ ਹੈ ਉਥੇ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।