ਜਗਰਾਉਂ (ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਰੇ ਬਲਾਕ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜ ਜੂਨ ਨੂੰ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਆਸ਼ਰਿਤਾਂ ਲਈ ਪੰਜ ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੋਕਰੀ, ਕਰਜ਼ਾ ਮੁਆਫ਼ੀ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਲੋਂ ਰਵਾਇਤੀ ਵੋਟ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਣ ਕਾਰਨ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਲੋਕ ਮਸਲਿਆਂ ਦਾ ਕੋਈ ਸਰੋਕਾਰ ਨਹੀਂ ਹੈ। ਢਾਈ ਮਹੀਨੇ ਤੋਂ ਸਿਟੀ ਥਾਣੇ ਮੂਹਰੇ ਧਰਨਾ ਚਲਦਾ ਹੋਣ ਦੇ ਬਾਵਜੂਦ ਅਤੇ ਕਾਤਲ ਪੁਲਸ ਅਧਿਕਾਰੀਆਂ ਖਿਲਾਫ ਪਰਚਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਦੀ ਜਾਣਬੁੱਝ ਕੇ ਗ੍ਰਿਫਤਾਰੀ ਨਾ ਹੋਣੀ, ਕਿਸਾਨੀ ਦੀ ਮੂੰਗੀ ਦੀ ਫ਼ਸਲ ਤੇ ਐਮ ਐਸ ਪੀ ਐਲਾਨਣ ਦੇ ਬਾਵਜੂਦ ਬੇਹੁਦਾ ਸ਼ਰਤਾਂ ਮੜ ਕੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਨੂੰ ਖੱਜਲਖੁਆਰ ਕਰਨਾ, ਕਿਸਾਨਾਂ ਨੂੰ ਪਿਛਲੇ ਸਮੇਂ ਚ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਮਾਲ ਮਹਿਕਮੇ ਦੀ ਕਾਰਵਾਈ ਮੁਕੰਮਲ ਹੋਣ ਦੇ ਬਾਵਜੂਦ ਅਜੇ ਤਕ ਵੀ ਪੀੜਤ ਕਿਸਾਨਾਂ ਨੂੰ ਜਾਰੀ ਨਾ ਕਰਨਾ, ਮੁੱਖ ਮੰਤਰੀ ਦੇ ਘਰ ਅੱਗੇ ਹਰ ਰੋਜ਼ ਚਲ ਰਹੇ ਧਰਨੇ ਅਤੇ ਪੁਲਸ ਵਲੋਂ ਕੀਤੀ ਜਾ ਰਹੀ ਧੱਕਾ ਮੁੱਕੀ ਇਸ ਹਕੂਮਤ ਨੂੰ ਪਹਿਲੀਆਂ ਹਕੂਮਤਾਂ ਨਾਲੋਂ ਕਿਸੇ ਵੀ ਤਰਾਂ ਵਖਰਾਉਂਂਦੀ ਨਹੀਂ ਹੈ। ਉਨਾਂ ਕਿਹਾ ਕਿ ਰਹਿੰਦੇ ਤਿੰਨ ਸ਼ਹੀਦ ਪਰਿਵਾਰਾਂ ਦੀ ਸਰਕਾਰੀ ਮਦਦ ਦਾ ਮਸਲਾ ਹਲਕਾ ਵਿਧਾਇਕ ਦੇ ਵੀ ਕਈ ਵੇਰ ਧਿਆਨ ਚ ਲਿਆਂਦਾ ਗਿਆ ਹੈ ਪਰ ਇਸ ਅਹਿਮ ਮਸਲੇ ਬਾਰੇ ਵੀ ਹਲਕਾ ਵਿਧਾਇਕ ਦੀ ਚੁੱਪੀ ਅਫਸੋਸ ਨਾਕ ਹੈ। ਉਨਾਂ ਕਿਹਾ ਕਿ ਪੰਜ ਜੂਨ ਦਿਨ ਐਤਵਾਰ ਸਵੇਰੇ 10 ਵਜੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਲਈ ਸਾਰੇ ਪਿੰਡਾਂ ਦੇ ਕਿਸਾਨ ਮਜ਼ਦੂਰ ਬਸ ਸਟੈਂਡ ਜਗਰਾਓਂ ਵਿਖੇ ਇਕੱਤਰ ਹੋ ਕੇ ਵਿਧਾਇਕ ਦੇ ਦਫਤਰ ਜਾਣਗੇ। ਅੱਜ ਦੀ ਮੀਟਿੰਗ ਵਿੱਚ ਹਲਕਾ ਵਿਧਾਇਕ ਨੂੰ ਮੂੰਗੀ ਵੇਚਣ ਸਬੰਧੀ ਜਾਰੀ ਸਖਤ ਹਿਦਾਇਤਾਂ ਖਤਮ ਕਰਨ, ਕਿਸੇ ਵੀ ਆੜਤ ਤੇ ਮੂੰਗੀ ਦੀ ਫ਼ਸਲ ਵੇਚਣ ਦੀ ਖੁੱਲ੍ਹ ਦੇਣ ਅਤੇ ਜਾਰੀ ਐਮ ਐਸ ਪੀ ਦੀ ਗਰੰਟੀ ਲਾਗੂ ਕਰਨ ਦੀ ਮੰਗ , ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ, ਝੋਨੇ ਦੀ ਬਿਜਾਈ ਹਿਤ ਅਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਸਬੰਧੀ ਵੀ ਮੰਗ ਪੱਤਰ ਸੋਂਪਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਗਾਇਕ ਕਲਾਕਾਰ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਹੰਬੜਾਂ, ਕਮਲਜੀਤ ਹੈਪੀ ਸਹੋਲੀ, ਸਤਬੀਰ ਸਿੰਘ ਬੋਪਾਰਾਏ, ਤਾਰਾ ਸਿੰਘ ਅੱਚਰਵਾਲ, ਧਰਮ ਸਿੰਘ ਸੂਜਾਪੁਰ,ਜਗਤਾਰ ਸਿੰਘ ਦੇਹੜਕਾ, ਹਰਜੀਤ ਸਿੰਘ ਕਾਲਾ ਜਨੇਤਪੁਰਾ, ਬਚਿੱਤਰ ਸਿੰਘ ਜਨੇਤਪੁਰਾ, ਬੇਅੰਤ ਸਿੰਘ ਬਾਣੀਏ ਵਾਲ , ਕਰਨੈਲ ਸਿੰਘ ਹੇਰਾਂ ਆਦਿ ਹਾਜ਼ਰ ਸਨ।