- ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੇ ਮਸਲਿਆਂ ਸਬੰਧੀ 31 ਮਈ ਨੂੰ ਮੋਹਾਲੀ ਵਿਖੇ ਬੁਲਾਈ ਮੀਟਿੰਗ
ਲੁਧਿਆਣਾ, 28 ਮਈ (ਰਣਜੀਤ ਸਿੱਧਵਾਂ) : ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸਫ਼ਾਈ ਕਮਿਸ਼ਨ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਡੱਟ ਕੇ ਖੜ੍ਹਾ ਰਹੇਗਾ। ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ 31 ਮਈ, 2022 ਦਿਨ ਮੰਗਲਵਾਰ ਨੂੰ ਚੇਅਰਮੈਨ ਸ੍ਰੀ ਗੇਜਾ ਰਾਮ ਦੀ ਅਗੁਵਾਈ ਵਿੱਚ ਮੋਹਾਲੀ ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਕਮਿਸ਼ਨ ਦੇ ਡਿਪਟੀ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਪ੍ਰੇਮ ਮਸੀਹ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ੍ਰੀ ਰਾਹੁਲ ਆਦਿਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਕਮਿਸ਼ਨ ਵੱਲੋਂ ਠੇਕਦਾਰੀ ਪ੍ਰਥਾ ਤੋਂ ਪਾਸਾ ਵੱਟਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਊਟਸੋਰਸ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਪੱਕਾ ਕਰਨ ਵਿੱਚ ਔਕੜਾਂ ਪੇਸ਼ ਆਉਂਦੀਆਂ ਹਨ।