You are here

ਵੀ.ਕੇ.ਭਾਵਰਾ ਨੂੰ ਮਿਲ਼ੇਗਾ 11 ਮੈਂਬਰੀ ਵਫਦ- ਝੋਰੜਾਂ

ਭੁੱਖ ਹੜਤਾਲ 58ਵੇਂ ਦਿਨ ਵੀ ਰਹੀ ਜਾਰੀ, 65ਵੇਂ ਦਿਨ ਵੀ ਧਰਨਾ ਰਿਹਾ ਜਾਰੀ !
ਜਗਰਾਉਂ 25 ਮਈ (  ਮਨਜਿੰਦਰ ਗਿੱਲ ) ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਸਰਵਿੰਦਰ ਸਿੰਘ ਸੁਧਾਰ, ਕੇਕੇਯੂ ਯੂਥ ਵਿੰਗ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਗਤ ਸਿੰਘ ਲੀਲ੍ਹਾਂ ਤੇ ਰਾਮਸ਼ਰਨ ਸਿੰਘ ਰਸੂਲਪੁਰ ਢਾਹਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਇੰਦਰਜੀਤ ਸਿੰਘ ਧਾਲੀਵਾਲ, ਪੰਜਾਬ ਨਿਰਮਾਣ ਸਭਾ ਗੁਰਦੀਪ ਸਿੰਘ ਰਾਏਕੋਟ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ ਫੌਜੀ, ਪੰਜਾਬ ਕਿਸਾਨ ਯੂਨੀਅਨ ਦੇ ਡਾਕਟਰ ਗੁਰਚਰਨ ਸਿੰਘ ਰਾਏਕੋਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ ਨੇ ਅੱਜ ਪਹਿਲਾਂ ਥਾਣੇ ਮੂਹਰੇ ਰੈਲ਼ੀ ਕੀਤੀ ਅਤੇ ਫਿਰ ਸਰਬਸੰਮਤੀ ਮਤਾ ਪਾਸ ਕੀਤਾ ਗਿਆ ਕਿ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦਾ ਇਕ 11 ਮੈਂਬਰੀ ਸਾਂਝਾ ਵਫਦ ਪਹਿਲੀ ਜੂਨ ਪਹਿਲਾਂ ਡੀ.ਜੀ.ਪੀ. ਪੰਜਾਬ ਨੂੰ ਮਿਲਗੇ ਅਤੇ ਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਕਰੇਗਾ। ਆਗੂਆਂ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਅਤੇ ਸੰਘਰਸ਼ੀ ਲੋਕ ਇਨਸਾਫ਼ ਦੀ ਲੜ੍ਹਾਈ ਵਿੱਚ ਪਿਛਲੇ 65 ਦਿਨਾਂ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਹਨ ਅਤੇ ਪੀੜ੍ਹਤ ਮਾਤਾ ਸੁਰਿੰਦਰ ਕੌਰ 48 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹੈ ਪਰ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਨੂੰ ਬਚਾਉਣ ਦੀ ਮਨਸ਼ਾ ਨਾਲ ਕੰਮ ਕਰ ਰਹੇ ਹਨ। ਪ੍ਰੈਸ ਨੂੰ ਜਾਰੀ ਇੱਕ ਬਿਆਨ 'ਚ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਤੇ ਮਾਸਟਰ ਜਸਦੇਵ ਸਿੰਘ ਲਲਤੋੰ ਨੇ ਕਿਹਾ ਕਿ ਫੈਸਲੇ ਮੁਤਾਬਕ ਅਗਲ਼ਾ ਅੈਕਸ਼ਨ ਉਲੀਕਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਇੱਕ ਵਾਰ ਫਿਰ ਅਸੀਂ ਮਸਲ਼ੇ ਦੇ ਹੱਲ਼ ਲਈ ਯਤਨ ਕਰ ਰਹੇ ਹਾਂ। ਭੁੱਖ ਹੜਤਾਲ ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਮਾਮਲੇ ਵਿੱਚ ਦਖਲ-ਅੰਦਾਜ਼ੀ ਨਾਂ ਕਰਨ ਅਤੇ ਕਿਰਤੀ ਲੋਕਾਂ ਨੂੰ ਸ਼ੜਕਾਂ 'ਤੇ ਰੋਲਣ ਦੀ ਸਖਤ ਨਿਖੇਧੀ ਕੀਤੀ ਉਥੇ ਹਲਕਾ ਵਿਧਾਇਕ ਸਰਬਜੀਤ ਕੌਰ ਦੇ ਲੋਕ ਵਿਰੋਧੀ ਵਤੀਰੇ ਦੇ ਨਿੰਦਾ ਕੀਤੀ। ਇਸ ਸਮੇਂ ਬਾਬਾ ਬੰਤਾ ਸਿੰਘ ਡੱਲਾ, ਬੀਕੇਯੂ ਡਕੌਂਦਾ ਦੇ ਕੁੰਡਾ ਸਿੰਘ ਕਾਉਂਕੇ, ਰਾਮਤੀਰਥ ਲੀਲਾ, ਗੁਰਚਰਨ ਬਾਬੇਕਾ, ਜਲ਼ੌਰ ਸਿੰਘ, ਮਹਿੰਦਰ ਸਿੰਘ ਬੀਏ, ਗੁਰਚਰਨ ਸਿੰਘ ਬਾਬੇਕਾ, ਬਖਤਾਵਰ ਸਿੰਘ, ਡਾਕਟਰ ਗੁਰਚਰਨ ਸਿੰਘ ਆਦਿ ਹਾਜ਼ਰ ਸਨ।