You are here

ਵਿਰੋਧੀਆਂ ਤੇ ਤਾਂ ਸਾਰੇ ਈ ਕਰਦੇ ਨੇ ਕੀ ਕਦੇ ਆਪਣਿਆਂ ਤੇ ਕੀਤੀ ਹੈ ਇਹੋ ਜਿਹੀ ਭਾਵ ਭਗਵੰਤ ਮਾਨ ਵਰਗੀ ਕਾਰਵਾਈ ?

ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਓਸੇ ਦਿਨ ਤੋਂ ਹੀ ਅਲੱਗ ਅਲੱਗ ਚਰਚਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਵਿਰੋਧੀਆਂ ਦਾ ਤਾਂ ਆਪਾਂ ਸਭਨਾਂ ਨੂੰ ਪਤਾ ਹੈ ਕਿ ਕੀ ਰੀਐਕਸ਼ਨ ਕਰਨਾ ਹੁੰਦਾ ਹੈ ਹਰ ਕੰਮ ਵਿੱਚ,ਓਹ ਕਿਸੇ ਤੋਂ ਵੀ ਗੁੱਝਾ ਨਹੀਂ ਹੈ। ਆਪਣਿਆਂ ਵੱਲੋਂ ਵੀ ਲਗਾਤਾਰ ਚਰਚਾਵਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ,ਕਿ ਵਾਕਿਆ ਹੀ ਜੇਕਰ ਕੋਈ ਸਰਕਾਰ ਇਮਾਨਦਾਰ ਆਈ ਹੈ ਤਾਂ ਓਹ ਇਹੀ ਈ ਭਾਵ ਆਮ ਆਦਮੀ ਪਾਰਟੀ ਹੀ ਹੈ,ਖੈਰ ਇਹ ਵੀ ਕਹਾਵਤ ਹੈ ਕਿ ਘੁਮਿਆਰੀ ਤਾਂ ਹਮੇਸ਼ਾ ਆਪਣਾ ਹੀ ਭਾਂਡਾ ਸਲਾਹੁੰਦੀ ਹੈ।ਪਰ ਜੇਕਰ ਸਲਾਹੁਣਯੋਗ ਭਾਂਡਾ ਹੋਵੇਗਾ ਤਾਂ ਹੀ ਸਲਾਹਿਆ ਜਾਵੇਗਾ,ਜੇ ਪਾਣੀ ਪਾਉਂਦਿਆਂ ਸਾਰ ਹੀ ਭਾਂਡਾ ਚਿਓਣ ਲੱਗ ਪਏ ਤਾਂ ਕੌਣ ਸਲਾਹੂ, ਜੇਕਰ ਕੋਈ ਕੋਲ ਖੜ੍ਹਾ ਹੋਵੇਗਾ ਤਾਂ ਓਹ ਧਨੇਸੜੀ ਵੀ ਦੇਣ ਲੱਗਿਆਂ ਦੇਰ ਨਹੀਂ ਲਾਊਗਾ।

         ਖ਼ੈਰ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਓਦੋਂ ਤੋਂ ਲੈਕੇ ਹੀ ਬਹੁਤ ਵਧੀਆ ਜੱਗੋਂ ਨਿਆਰੇ ਫੈਸਲੇ ਲਏ ਜਾ ਰਹੇ ਹਨ,ਜਿਸ ਕਾਰਨ ਜੇਕਰ ਕਹਿ ਲਈਏ ਕਿ ਵਿਰੋਧੀਆਂ ਦੀ ਬੋਲਤੀ ਬੰਦ ਹੋ ਗਈ ਹੈ  ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਜੋ ਅੱਜ ਤੱਕ ਪਝੰਤਰ ਸਾਲਾਂ ਤੋਂ ਕਿਸੇ ਵੀ ਸਰਕਾਰ ਤੋਂ ਨਹੀਂ ਹੋਏ ਓਹ ਇਤਹਾਸਕ ਫੈਸਲੇ ਕਰ ਵਿਖਾਏ ਮਾਨ ਸਾਹਿਬ ਨੇ। ਇੱਕ ਪੈਂਸ਼ਨ, ਨਜਾਇਜ਼ ਕਬਜ਼ੇ ਛੁਡਵਾਉਣੇ,ਜਲਦੀ ਦਿੱਲੀ ਏਅਰਪੋਰਟ ਤੇ ਸਰਕਾਰੀ ਬੱਸਾਂ ਦੀ ਇੰਟਰੀ, ਹੁਣੇ ਹੁਣੇ ਪੰਜਾਬੀ ਭਾਸ਼ਾ ਵਿਚ ਵਿਗਿਆਨ ਦੀ ਪੜਾਈ ਸਕੂਲ਼ਾਂ ਵਿੱਚ ਕਰਵਾਉਣ ਦੀ ਤਿਆਰੀ, ਨੌਕਰੀਆਂ ਦੀਆਂ ਵਕੈਂਸੀਆਂ,ਨਸ਼ਿਆਂ ਤੇ ਕਾਬੂ ਪਾਉਣ ਲਈ ਖੁਦ ਆਪ ਕੁੱਦਣਾ,ਵੀ ਆਈ ਪੀ ਸਕਿਊਰਟੀ ਵਾਪਸ ਲੈਣੀ, ਕਿਸਾਨਾਂ ਦੀਆਂ ਜਾਇਜ਼ ਮੰਗਾਂ ਓਨਾਂ ਕੋਲ ਜਾ ਕੇ ਜੱਫੀਆਂ ਪਾਕੇ ਵਧੀਆ ਮਹੌਲ ਚ ਗੱਲਬਾਤ ਰਾਹੀਂ ਮੰਨਣੀਆਂ, ਪਝੰਤਰ ਮਹੱਲਾ ਕਲਿਨਿਕ ਜਲਦੀ ਖੋਲ੍ਹਣੇ, ਇੱਕ ਸੌ ਸਤਾਰਾਂ ਸਮਾਰਟ ਸਕੂਲ ਜਲਦੀ ਖੋਲ੍ਹਣੇ ਆਦਿ। ਬਹੁਤ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਇਤਿਹਾਸਕ ਫੈਸਲੇ ਸਿਰਫ਼ ਦੋ ਮਹੀਨਿਆਂ ਵਿੱਚ ਲੈਣਾ ਇੱਕ ਮੀਲ ਪੱਥਰ ਨਹੀਂ? ਓਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸਰਕਾਰ ਦੀਆਂ ਇਨ੍ਹਾਂ ਉਪਲੱਬਧੀਆਂ ਨੂੰ ਜੱਗ ਜ਼ਾਹਰ ਕਰਨ ਦੀ ਬਜਾਏ ਇਨ੍ਹਾਂ ਨੂੰ ਲਕੋ ਕੇ ਸਿਆਸੀ ਰੋਟੀਆਂ ਸੇਕਣ ਦੀ ਰੌਂ ਵਿੱਚ ਹਨ।

         ਗੱਲ ਕਰਦੇ ਆਂ ਹੁਣੇ ਹੁਣੇ ਸਿਹਤ ਮੰਤਰੀ ਵਿਜੇ ਸਿੰਗਲਾ ਸਾਹਿਬ ਦਾ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਇਆਂ ਨੂੰ ਰੰਗੇ ਹੱਥੀਂ ਪਕੜਨਾ ਤੇ ਫਿਰ ਬਰਖਾਸਤ ਕਰਨਾ ਤੇ ਫਿਰ ਆਪ ਹੀ ਗ੍ਰਿਫਤਾਰ ਕਰਵਾਉਣਾ?ਯਾਰ ਜਿਨੀ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਹੈ। ਭਾਵੇਂ ਵਿਰੋਧੀਆਂ ਵੱਲੋਂ ਭਾਵੇਂ ਆਪਣਿਆਂ ਵੱਲੋਂ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਹੁਣ ਤੱਕ ਹੋਰ ਰਾਜਾਂ ਦਾ ਤਾਂ ਪਤਾ ਨਹੀਂ ਪਰ ਪੰਜਾਬ ਵਿਚ ਇਹ ਪਹਿਲੀ ਵਾਰ ਇੱਕ ਇਤਹਾਸਕ ਗੱਲ ਹੋਈ ਆ,ਹੋਰ ਬਦਲਾਅ ਕੀਹਨੂੰ ਕਿਹਾ ਜਾਵੇਗਾ ਪੰਜਾਬ ਵਾਸੀਓ, ਇੱਕ ਪਹਿਲੀ ਸਰਕਾਰ ਸੀ ਓਹਦੇ ਵਿੱਚ ਸ਼ਰੇਆਮ ਵਿਦਿਆਰਥੀਆਂ ਦੇ ਵਜ਼ੀਫ਼ੇ ਖਾਧੇ ਗਏ ਸਨ,ਕੀ ਕੋਈ ਕਾਰਵਾਈ ਹੋਈ ਸੀ,ਇਹ ਗੱਲ ਤਾਂ ਜੱਗ ਜਾਹਿਰ ਹੈ? ਸ਼ਾਬਾਸ਼ ਭਗਵੰਤ ਮਾਨ ਸਾਹਿਬ ਜੀ ਨਹੀਂ ਰੀਸਾਂ ਤੁਹਾਡੀਆਂ, ਅਕਸਰ ਤੁਸੀਂ ਸਿਆਸਤ ਦੀ ਗੁੜ੍ਹਤੀ ਕਿਸ ਤੋਂ ਲਈ ਹੈ, ਅਰਵਿੰਦ ਕੇਜਰੀਵਾਲ ਸਾਹਿਬ ਤੋਂ, ਓਨਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਤੁਹਾਨੂੰ ਤੁਹਾਡੇ ਆਪਣੇ ਮਿਸ਼ਨ ਤੋਂ ਕੋਈ ਵੀ ਮਾਈ ਦਾ ਲਾਲ ਨਹੀਂ ਰੋਕ ਸਕਦਾ। ਅੱਜ ਅਰਵਿੰਦ ਕੇਜਰੀਵਾਲ ਸਾਹਿਬ ਦੇ ਵੀ ਪਿਆਰ ਮੁਹੱਬਤ ਦੇ ਅਥਰੂ ਵੇਖੇ ਗਏ, ਓਨਾਂ ਨੂੰ ਤੁਹਾਡੇ ਤੇ ਮਾਣ ਹੈ, ਤੁਸੀਂ ਓਨਾਂ ਦੀ ਸੋਚ ਤੇ ਪਹਿਰਾ ਦੇ ਕੇ ਇੱਕ ਸੱਚੇ ਦੋਸਤ, ਇੱਕ ਸੱਚੇ ਸਿਖਿਆਰਥੀ, ਇੱਕ ਸੱਚੇ ਸੇਵਕ ਦਾ ਜੋ ਰੋਲ ਅਦਾ ਕੀਤਾ ਹੈ ਉਸ ਨੂੰ ਸਦਾ ਸਿਜਦਾ ਹੈ।ਆਮ ਵਿਰੋਧੀ ਪਾਰਟੀਆਂ ਦੇ ਮੂੰਹੋਂ ਇਹ ਸੁਣ ਰਹੇ ਹਾਂ ਕਿ ਹੁਣ ਪੰਜਾਬ ਸਰਕਾਰ ਦਿੱਲੀ ਤੋਂ ਚੱਲੇਗੀ,ਕੀ ਕਿਸੇ ਤੋਂ ਕੋਈ ਚੰਗੀ ਗੱਲ ਚੰਗੀ ਰਾਇ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਹੋਵੇ ਤਾਂ ਓਸ ਨੂੰ ਲੈ ਲੈਣ ਵਿੱਚ ਹਰਜ ਵੀ ਕੀ ਹੈ, ਜੇਕਰ ਕੋਈ ਗੱਲ ਚੰਗੀ ਨਹੀਂ ਲਗਦੀ ਤਾਂ ਓਹਨੂੰ ਛੱਡ ਦਿਓ।ਪਰ ਵਿਰੋਧੀਆਂ ਨੇ ਤਾਂ ਟੰਗਾਂ ਹੀ ਆੜਾਉਣੀਆਂ ਹੁੰਦੀਆਂ ਨੇ ਸੋ ਬਹੁਤੇ ਅੜਾ ਵੀ ਰਹੇ ਨੇ, ਅਤੇ ਕੲਈ ਵਿਰੋਧੀਆਂ ਵੱਲੋਂ ਵੀ ਭਗਵੰਤ ਮਾਨ ਦੇ ਕੰਮਾਂ ਦੇ ਸੋਹਲੇ ਗਾਏ ਜਾ ਰਹੇ ਹਨ,ਆਹ ਹੁਣੇ ਹੁਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਸੁਨੀਲ ਜਾਖੜ ਸਾਹਿਬ ਨੇ ਭਗਵੰਤ ਮਾਨ ਦੇ ਕੰਮਾਂ ਦੀ ਰੱਜ ਕੇ ਤਾਰੀਫ ਕੀਤੀ ਹੈ, ਹੋਰ ਵੀ ਅਨੇਕਾਂ ਵਿਰੋਧੀਆਂ ਨੇ ਭਗਵੰਤ ਮਾਨ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ ਕਰਨੀ ਵੀ ਚਾਹੀਦੀ ਹੈ ਜੋ ਇਨਸਾਨ ਚੰਗਾ ਕੰਮ ਕਰਦਾ ਹੈ ਉਸ ਦੇ ਮੋਢੇ ਨਾਲ ਮੋਢਾ ਜੇਕਰ ਨਹੀਂ ਲਾ ਸਕਦੇ ਤਾਂ ਘੱਟੋ ਘੱਟ ਮੂੰਹੋਂ ਚੰਗੇ ਕੰਮਾਂ ਨੂੰ ਸਲਾਹੁਣਾ ਹਰ ਇੱਕ ਦਾ ਫਰਜ਼ ਹੈ।ਹੁਣ ਇੱਕ ਹੋਰ ਨਵਾਂ ਸ਼ੋਸ਼ਾ ਸੁਨਣ ਨੂੰ ਮਿਲਿਆ ਹੈ ਕਿ ਪਹਿਲਾਂ ਚੰਡੀਗੜ੍ਹ ਤੇ ਮੋਹਾਲੀ ਵਿਚੋਂ ਨਜਾਇਜ਼ ਕਬਜ਼ੇ ਛੁਡਾਓ ਤਾਂ ਮੰਨਾਂਗੇ, ਓਹ ਭਲਿਓ ਮਾਣਸੋ ਕੋਈ ਸਮਾਂ ਤਾਂ ਦਿਓ ਕੋਹ ਨਾ ਚੱਲੀ ਬਾਬਾ ਤਿਹਾਈ।ਦੋ ਮਹੀਨੇ ਦਾ ਸਮਾਂ ਹੋਇਆ ਹੈ ਤੇ ਕੰਮ ਹੋ ਰਹੇ ਨੇ, ਜਦੋਂ ਮੁਹਾਲੀ ਤੇ ਚੰਡੀਗੜ੍ਹ ਵਿਚੋਂ ਕਬਜ਼ੇ ਛੁਡਾ ਲਏ ਮੰਨਣਾ ਤੁਸੀਂ ਫਿਰ ਵੀ ਨਹੀਂ।

           ਪਰ ਮਾਨ ਸਾਹਿਬ ਜੀ ਜੋ ਇਸ ਸਮੇਂ ਲੁਕਾਈ ਦੇ ਮੂੰਹ ਤੇ ਗੱਲ ਹੈ ਓਹ ਇਹ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਹੌਲੀ ਹੌਲੀ ਪੂਰਾ ਕਰ ਰਹੇ ਹੋਂ, ਬਹੁਤ ਵਧੀਆ ਗੱਲ ਹੈ ਤੁਹਾਡੇ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ ਭਾਵੇਂ ਕੋਈ ਦੇਸ਼ ਵਿੱਚ ਹੈ ਜਾਂ ਵਿਦੇਸ਼ ਵਿੱਚ,ਪਰ ਸੱਭ ਤੋਂ ਪਹਿਲਾਂ ਨਸ਼ਿਆਂ ਨੂੰ ਜ਼ਰੂਰ ਠੱਲ ਪਾਓ ਕਿਉਂਕਿ ਹਰ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਵੱਲੋਂ ਤੁਹਾਨੂੰ ਸਨਿਮਰ ਇਹੀ ਬੇਨਤੀ ਹੈ,ਬਾਕੀ ਕੰਮ ਬੇਸ਼ੱਕ ਥੋੜਾ ਰੁਕ ਕੇ ਕਰ ਲੈਣੇ ਪਰ ਨਸ਼ਿਆਂ ਨੂੰ ਸੱਭ ਤੋਂ ਪਹਿਲਾਂ ਰੋਕੋ। ਘਰਾਂ ਦੇ ਘਰ ਤਬਾਹ ਹੋਈ ਜਾ ਰਹੇ ਹਨ, ਵਸਦੇ ਘਰ ਉਜੜ ਰਹੇ ਹਨ, ਤੁਸੀਂ ਪੰਜਾਬ ਦੇ ਹਿਤੈਸ਼ੀ ਹੋਂ ਇਸ ਵਿੱਚ ਕਿਸੇ ਵੀ ਪੰਜਾਬੀ ਨੂੰ ਰਤਾ ਭਰ ਵੀ ਸ਼ੱਕ ਨਹੀਂ, ਤੁਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਂ ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੈ, ਤੁਸੀਂ ਅਕਸਰ ਸਟੇਜਾਂ ਤੋਂ ਬੋਲਦੇ ਹੋਂ ਕਿ ਨੀਤ ਚ ਖੋਟ ਨਾ ਹੋਵੇ ਤਾਂ ਕੋਈ ਵੀ ਕੰਮ ਕਦੇ ਔਖਾ ਨਹੀਂ ਹੁੰਦਾ। ਬਿਲਕੁਲ ਸੱਚ ਹੈ।ਬੱਸ ਪੰਜਾਬੀਆਂ ਵੱਲੋਂ ਇੱਕੋ ਇੱਕ ਇਹੀ ਅਪੀਲ ਹੈ ਕਿ ਨਿਧੜਕ ਹੋ ਕੇ ਆਪਣੇ ਕੀਤੇ ਵਾਅਦਿਆਂ ਨੂੰ ਪੂਰੇ ਕਰਦੇ ਚੱਲੋ ਪੰਜਾਬ ਤੇ ਪੰਜਾਬੀ ਸਦਾ ਤੁਹਾਡੇ ਨਾਲ ਨੇ। ਪਹਿਲਾਂ ਜਿਹਾ ਹਸਦਾ ਵਸਦਾ ਪੰਜਾਬ ਇੱਕ ਦਿਨ ਦੁਬਾਰਾ ਜ਼ਰੂਰ ਬਣੇਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556