ਦੋਸ਼ੀਆਂ ਦੀ ਗ੍ਰਿਫਤਾਰੀ ਲਈ 64ਵੇਂ ਦਿਨ ਵੀ ਦਿੱਤਾ ਧਰਨਾ !
ਜਗਰਾਉਂ 25 ਮਈ ( ਮਨਜਿੰਦਰ ਗਿੱਲ ) ਮੁਕੱਦਮੇ 'ਚ ਸ਼ਾਮਲ਼ ਦੋਸ਼ੀ ਪੁਲਿਸ ਕਰਮਚਾਰੀਆਂ ਦੀ ਗ੍ਰਿਫਤਾਰੀ ਲਈ ਸੰਘਰਸ਼ ਕਰ ਰਹੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਸੰਘਰਸ਼ ਨੂੰ ਤਿੱਖਾ ਕਰਨ ਲਈ 26 ਮਈ ਨੂੰ ਸਾਂਝੀ ਮੀਟਿੰਗ ਬੁਲਾਈ ਹੈ। ਥਾਣਾ ਸਿਟੀ ਮੂਹਰੇ ਚੱਲ ਪੱਕੇ ਮੋਰਚੇ ਦੇ 64ਵੇਂ ਦਿਨ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੇ ਅੱਤਿਆਚਾਰ ਖਿਲਾਫ਼ ਅਰੰਭਿਆ ਸੰਘਰਸ਼ 2 ਮਹੀਨਿਆਂ ਨੂੰ ਪਾਰ ਗਿਆ ਹੈ। ਪੁਲਿਸ ਜ਼ੁਲਮਾਂ ਤੋਂ ਪੀੜ੍ਹਤ ਮਿਹਨਤੀ ਕਿਰਤੀ ਲੋਕ ਤਪਦੀ ਧੁੱਪ ਤੇ ਮੀੰਹ ਝੱਖੜ ਵਿੱਚ ਵੀ ਸਿਰੜ ਨਾਲ ਇਨਸਾਫ਼ ਦੀ ਪ੍ਰਾਪਤੀ ਲਈ ਦਰੀਆਂ 'ਤੇ ਬੈਠੇ ਹਨ। ਪੀੜ੍ਹਤ ਬਿਰਧ ਮਾਤਾ 57 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਿਰਤੀ ਲੋਕ ਥਾਣੇ ਅੱਗੇ ਇਕੱਠੇ ਹੋ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਾਂ ਤਾਂ ਪੁਲਿਸ ਅਧਿਕਾਰੀਆਂ ਨੂੰ, ਨਾਂ ਹੀ ਹਲਕਾ ਵਿਧਾਇਕ ਨੂੰ ਅਤੇ ਨਾਂ ਹੀ ਭਗਵੰਤ ਮਾਨ ਨੂੰ ਸੜਕ ਤੇ ਬੈਠੇ ਗਰੀਬ ਲੋਕਾਂ ਤਰਸ ਨਹੀਂ ਆ ਰਿਹਾ ਜਦਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਹੁਣ ਲੋਕਾਂ ਨੂੰ ਆਪਣੇ ਹੱਕਾਂ ਲਈ ਧਰਨੇ-ਮੁਜ਼ਾਹਰੇ ਨਹੀਂ ਕਰਨੇ ਪੈਣਗੇ ਪਰ ਅਸਲੀਅਤ ਜੋ ਵੀ ਹੈ ਸਭ ਦੇ ਸਾਹਮਣੇ ਹੈ। ਜ਼ਿਕਰਯੋਗ ਹੈ ਕਿ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ ਆਪਣੀ ਮ੍ਰਿਤਕ ਬੇਟੀ ਕੁਲਵੰਤ ਕੌਰ ਤੇ ਹੋਏ ਜ਼ੁਲਮਾਂ ਦਾ ਹਿਸਾਬ ਲੈਣ ਲਈ ਭੁੱਖ ਹੜਤਾਲ ਤੇ ਬੈਠੀ ਹੈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪੋਨਾ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕੇ ਦੀਆਂ ਇਨਸਾਫ਼ ਪਸੰਦ ਧਿਰਾਂ ਨੂੰ 26 ਮਈ ਦੀ ਸਾਂਝੀ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ। ਭੁੱਖ ਹੜਤਾਲ ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਸੀਖਾਂ ਬੰਦ ਕਰਵਾਉਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੈ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਤੇ ਬਲਦੇਵ ਸਿੰਘ ਫੌਜ਼ੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਭਗਵੰਤ ਮਾਨ ਨੇ ਸਿਹਤ ਮੰਤਰੀ ਨੂੰ ਤਾਂ ਪਰਚਾ ਦਰਜ ਹੋਣ ਤੋਂ ਤੁਰੰਤ ਬਾਦ ਹੀ ਗ੍ਰਿਫਤਾਰ ਕਰਕੇ ਰਿਮਾਂਡ ਵੀ ਲੈ ਲਿਆ ਜਦਕਿ ਵਿਜੇ ਸਿੰਗਲਾਂ ਕੇਸ ਨਾਂ ਕਿਸੇ ਰਿਸ਼ਵਤ ਲਈ ਅਤੇ ਨਾਂ ਕਿਸੇ ਰਿਸ਼ਵਤ ਦਿੱਤੀ ਸਿਰਫ਼ ਕਥਿਤ ਰੂਪ ਵਿੱਚ ਗੱਲਬਾਤ ਹੋਈ ਹੈ ਫਿਰ ਵੀ ਗ੍ਰਿਫਤਾਰੀ ਤੱਕ ਫੁਰਤੀ ਨਾਲ ਸਭ ਕੁੱਝ ਵਾਪਰਿਆ ਜਦਕਿ ਕੁਲਵੰਤ ਕੌਰ ਕਤਲ਼ ਕੇਸ ਵਿੱਚ ਦਸਤਾਵੇਜ਼ੀ ਸਬੂਤਾਂ ਦੇ ਅਧਾਰ 'ਤੇ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਕੋਈ ਗ੍ਰਿਫਤਾਰ ਕਰਨ ਨੂੰ ਤਿਆਰ ਨਹੀਂ ਹੈ। ਇਸ ਤਰ੍ਹਾਂ ਅਧਿਕਾਰੀ ਕਾਨੂੰਨ ਦੀ ਮਰਜ਼ੀ ਨਾਲ ਕਰਦੇ ਨਜ਼ਰ ਆ ਰਹੇ ਹਨ। 64ਵੇਂ ਦਿਨ ਧਰਨੇ 'ਚ ਬਾਬਾ ਬੰਤਾ ਸਿੰਘ ਡੱਲਾ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਸੁਖਦੇਵ ਸਿੰਘ ਮਾਣੂੰਕੇ, ਮਹਿੰਦਰ ਸਿੰਘ ਬੀਏ, ਬਾਬਾ ਬੰਤਾ ਸਿੰਘ ਡੱਲਾ, ਕੇਕੇਯੂ ਯੂਥ ਵਿੰਗ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਰਸੂਲਪੁਰ, ਗੁਰਚਰਨ ਸਿੰਘ ਬਾਬੇਕਾ, ਬਖਤਾਵਰ ਸਿੰਘ, ਵਿਸ਼ਵਜੀਤ ਜਗਰਾਉਂ ਆਦਿ ਹਾਜ਼ਰ ਸਨ।