ਜ਼ਿਲ੍ਹੇ 'ਚ ਹੁਣ ਤੱਕ 271 ਏਕੜ ਪੰਚਾਇਤੀ ਜ਼ਮੀਨ ਕਰਵਾਈ ਕਬਜ਼ਾ ਮੁਕਤ
ਲੁਧਿਆਣਾ, 23 ਮਈ (ਰਣਜੀਤ ਸਿੱਧਵਾਂ) : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-2 ਅਧੀਨ ਪਿੰਡ ਸੇਲਕੀਆਣਾ ਵਿਖੇ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ। ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ) ਸ. ਗੁਰਪ੍ਰੀਤ ਸਿੰਘ ਮਾਂਗਟ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਹਲਕਾ ਸਾਹਨੇਵਾਲ ਵਿਧਾਇਕ ਸ. ਹਰਦੀਪ ਸਿੰਘ ਮੁੰਡੀਆਂ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ ਸ੍ਰੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਸੇਲਕੀਆਣਾ ਵਿਖੇ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ।ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਵਿੱਚ 271 ਏਕੜ ਪੰਚਾਇਤੀ ਜ਼ਮੀਨੀ ਕਬਜ਼ਾ ਮੁਕਤ ਕਰਵਾਈ ਜਾ ਚੁੱਕੀ ਹੈ ਜਿਸ ਵਿੱਚੋਂ ਇਕੱਲੇ ਬਲਾਕ ਲੁਧਿਆਣਾ-2 ਵੱਲੋਂ ਅੱਜ ਤੱਕ 185 ਏਕੜ ਜ਼ਮੀਨ ਛੁਡਵਾਈ ਜਾ ਚੁੱਕੀ ਹੈ। ਸ. ਮਾਂਗਟ ਨੇ ਅੱਗੇ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਪੰਚਾਇਤ ਅਫ਼ਸਰ ਸ. ਹਰਪਾਲ ਸਿੰਘ, ਪੰਚਾਇਤ ਸਕੱਤਰ ਸ੍ਰੀ ਜਸ਼ਨਦੀਪ ਚੰਦੇਲ, ਪੰਚਾਇਤ ਸੰਮਤੀ ਪਟਵਾਰੀ ਸ. ਬਲਜਿੰਦਰ ਸਿੰਘ ਅਤੇ ਸਰਪੰਚ ਦੇ ਨਾਲ ਸਮੂਹ ਗ੍ਰਾਮ ਪੰਚਾਇਤ ਪਿੰਡ ਸੇਲਕੀਆਣਾ ਦੇ ਸਹਿਯੋਗ ਨਾਲ ਕਬਜ਼ਾ ਮੁਕਤ ਕਰਵਾਈ ਗਈ ਹੈ।ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ (ਡੀ.ਡੀ.ਪੀ.ਓ) ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਅਧੀਨ ਪੈਂਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਪ੍ਰਕਿਰਿਆ ਵੀ ਜਲਦ ਆਰੰਭ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।