ਤਿੰਨ ਸਾਲਾਂ ਤੋਂ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ, ਨਹੀਂ ਲਗਾਉਂਦਾ ਪਰਾਲੀ ਨੂੰ ਅੱਗ
ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦਾ ਝਾੜ ਲਗਭਗ 36 ਕੁਇੰਟਲ ਪ੍ਰਤੀ ਏਕੜ ਰਿਹਾ : ਪ੍ਰਦੀਪ ਸਿੰਘ
ਮਾਲੇਰਕੋਟਲਾ/ਅਹਿਮਦਗੜ੍ਹ 22 ਮਈ (ਰਣਜੀਤ ਸਿੱਧਵਾਂ) : ਪਿੰਡ ਕਾਸਮਪੁਰ ਬਲਾਕ ਅਹਿਮਦਗੜ੍ਹ ਦੇ ਰਹਿਣ ਵਾਲੇ ਅਗਾਂਹ-ਵਧੂ ਕਿਸਾਨ ਪ੍ਰਦੀਪ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਅਪਣਾ ਕੇ ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਕਿਸਾਨ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਮੇਂ 'ਚ ਜਿੱਥੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਸੁਧਾਰੀ ਹੈ ਉੱਥੇ ਹੀ ਸਾਡੇ ਕੁਦਰਤੀ ਸੋਮਿਆਂ (ਹਵਾ, ਪਾਣੀ, ਮਿੱਟੀ) ਦੀ ਗੁਣਵੱਤਾ 'ਚ ਨਿਘਾਰ ਵੀ ਆ ਰਿਹਾ ਹੈ।ਇਸ ਲਈ ਸਾਨੂੰ ਬਦਲਦੇ ਸਮੇਂ ਨਾਲ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਣ ਦੀ ਲੋੜ ਹੈ। ਇਸੇ ਸੋਚ ਨਾਲ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਪਹਿਲੇ ਸਾਲ ਉਸ ਨੇ ਲਗਭਗ 05 ਏਕੜ ਜ਼ਮੀਨ ਵਿੱਚ ਫਿਰ ਦੂਜੇ ਸਾਲ 08 ਏਕੜ ਅਤੇ 2021 ਵਿੱਚ 11 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਸਾਲ ਵੀ ਕਿਸਾਨ ਹੁਣ ਤੱਕ ਲਗਭਗ 08 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਚੁੱਕਾ ਹੈ।ਉਸ ਦਾ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦਾ ਝਾੜ ਲਗਭਗ 36 ਕੁਇੰਟਲ ਪ੍ਰਤੀ ਏਕੜ ਰਿਹਾ। ਉਸ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਕਣਕ ਦਾ ਝਾੜ ਵੀ ਚੰਗਾ ਰਿਹਾ।ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਆਪਣੀ ਮਸ਼ੀਨ ਵੀ ਖਰੀ ਦੀ ਹੈ।ਇਸ ਦੇ ਨਾਲ ਹੀ ਉਸ ਨੇ ਪਿਛਲੇ॥ ਚਾਰ ਸਾਲਾਂ ਤੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਦੇ ਪ੍ਰਬੰਧਨ ਲਈ ਉਹ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਜੋ ਉਸ ਨੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਪ੍ਰਾਪਤ ਕੀਤਾ ਸੀ। ਪਿਛਲੇ ਸਾਲ ਉਸ ਨੇ ਕੁਝ ਰਕਬੇ ਵਿਚ ਸੁਪਰ-ਸੀਡਰ ਨਾਲ ਵੀ ਕਣਕ ਦੀ ਬਿਜਾਈ ਕੀਤੀ। ਕਿਸਾਨ ਪਾਸ ਆਪਣੀ ਘਰੇਲੂ ਜ਼ਰੂਰਤ ਅਨੁਸਾਰ ਦੋ ਦੁਧਾਰੂ ਪਸ਼ੂ ਵੀ ਹਨ।ਕਿਸਾਨ ਆਪਣੀ ਆਮਦਨ ਵਧਾਉਣ ਦੇ ਮੰਤਵ ਨਾਲ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਆਪਣੇ ਲੇਜ਼ਰ ਕਰਾਹੇ ਨਾਲ ਕਿਰਾਏ ਤੇ ਵੀ ਕੰਮ ਕਰਦਾ ਹੈ। ਬੀ.ਟੀ.ਐਮ ਅਹਿਮਦਗੜ੍ਹ ਮੁਹੰਮਦ ਜਮੀਲ ਨੇ ਦੱਸਿਆ ਕਿ ਪ੍ਰਦੀਪ ਸਿੰਘ ਹਮੇਸ਼ਾ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ। ਵਿਭਾਗ ਵੱਲੋਂ ਉਸ ਦੇ ਖੇਤ ਵਿੱਚ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ ਵੀ ਬਿਜਵਾਇਆ ਗਿਆ ਸੀ। ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾ. ਕੁਲਬੀਰ ਸਿੰਘ ਨੇ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਦੀਪ ਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਂਦੇ ਹੋਏ ਹੋਰਨਾਂ ਕਿਸਾਨ ਭਰਾਵਾਂ ਨੂੰ ਵੀ ਵਾਤਾਵਰਣ ਪੱਖੀ ਤਕਨੀਕਾਂ ਅਪਣਾ ਕੇ ਆਪਣੇ ਖੇਤੀ ਖ਼ਰਚੇ ਘਟਾਉਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ।