ਲੰਡਨ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਸਕਾਟਲੈਂਡ ਯਾਰਡ ਨੇ ਖ਼ੁਫੀਆ ਕੂਟਨੀਤਕ ਈਮੇਲਜ਼ ਲੀਕ ਹੋਣ ਦੇ ਮਾਮਲੇ ’ਚ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬਰਤਾਨਵੀ ਰਾਜਦੂਤ ਵੱਲੋਂ ਟਰੰਪ ਪ੍ਰਸ਼ਾਸਨ ਦੀ ਕੀਤੀ ਨਿਖੇਧੀ ਸਬੰਧੀ ਈਮੇਲਜ਼ ਲੀਕ ਹੋ ਗਈਆਂ ਸਨ। ਰਾਜਦੂਤ ਕਿਮ ਡਾਰੋਕ ਨੇ ਟਰੰਪ ਪ੍ਰਸ਼ਾਸਨ ਨੂੰ ‘ਅਯੋਗ’ ਤੇ ‘ਬੇਕਾਰ’ ਦੱਸਿਆ ਸੀ ਤੇ ਮਗਰੋਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਕਿਮ ’ਤੇ ਸਿੱਧਾ ਨਿਸ਼ਾਨਾ ਸਾਧਿਆ ਸੀ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਮੈਟਰੋਪੋਲਿਟਨ ਪੁਲੀਸ ਦੀ ਅਤਿਵਾਦ ਵਿਰੋਧੀ ਕਮਾਂਡ ਕਰੇਗੀ। ਜਾਂਚ ਸਰਕਾਰੀ ਖ਼ੁਫੀਆ ਜਾਣਕਾਰੀ ਐਕਟ ਦੀ ਅਪਰਾਧਕ ਉਲੰਘਣਾ ਦੇ ਪੱਖ ਤੋਂ ਕੀਤੀ ਜਾਵੇਗੀ।
ਮੈਟਰੋਪੋਲਿਟਨ ਪੁਲੀਸ ਦੀ ਇਸ ਕਮਾਂਡ ਦੇ ਮੁਖੀ ਭਾਰਤੀ ਮੂਲ ਦੇ ਨੀਲ ਬਾਸੂ ਹਨ। ਬਾਸੂ ਨੇ ਕਿਹਾ ਕਿ ਇਸ ਮਾਮਲੇ ਨੇ ਯੂਕੇ ਦੇ ਕੌਮਾਂਤਰੀ ਰਿਸ਼ਤਿਆਂ ਨੂੰ ਸੱਟ ਮਾਰੀ ਹੈ ਤੇ ਲੋਕ ਹਿੱਤ ਵਿਚ ਇਹੀ ਹੈ ਕਿ ਇਸ ਲਈ ਜ਼ਿੰਮੇਵਾਰਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਹਰ ਪੱਧਰ ’ਤੇ ਇਸ ਦੀ ਸਮੀਖ਼ਿਆ ਜਾਵੇਗੀ। ਇਸ ਮਾਮਲੇ ’ਚ ਪਹਿਲਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਆਪਸੀ ਰਾਬਤਾ ਕਰ ਕੇ ਜਾਂਚ ਆਰੰਭੀ ਸੀ।
ਬਰਤਾਨੀਆ ਵੱਲੋਂ ਕੈਬਨਿਟ ਦਫ਼ਤਰ ਇਸ ਦੀ ਅਗਵਾਈ ਕਰ ਰਿਹਾ ਸੀ ਤੇ ਹੁਣ ‘ਗੇਟਵੇਅ ਪ੍ਰਕਿਰਿਆ’ ਰਾਹੀਂ ਪੁਲੀਸ ਨੂੰ ਸ਼ਾਮਲ ਕਰ ਲਿਆ ਗਿਆ ਹੈ। ਬਾਸੂ ਨੇ ਜ਼ਿੰਮੇਵਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਵੀ ਉਹ ਸਾਹਮਣੇ ਆ ਸਕਦੇ ਹਨ, ਪੱਖ ਰੱਖ ਸਕਦੇ ਹਨ ਪਰ ਕਾਰਵਾਈ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਬਾਸੂ ਨੇ ਨਾਲ ਹੀ ਕਿਹਾ ਕਿ ਜੇ ਕਿਸੇ ਨੂੰ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਸਾਂਝੀ ਕਰ ਸਕਦਾ ਹੈ।
ਅਸਿਸਟੈਂਟ ਕਮਿਸ਼ਨਰ ਰੈਂਕ ਦੇ ਬਰਤਾਨੀਆ ਦੇ ਇਸ ਸੀਨੀਅਰ ਪੁਲੀਸ ਅਧਿਕਾਰੀ ਨੇ ਲੀਕ ਸਮੱਗਰੀ ਪ੍ਰਕਾਸ਼ਿਤ ਕਰਨ ਸਬੰਧੀ ਸੋਸ਼ਲ ਮੀਡੀਆ ਤੇ ਮੁੱਖ ਧਾਰਾ ਦੇ ਮੀਡੀਆ ਦੇ ਮਾਲਕਾਂ, ਐਡੀਟਰਾਂ ਤੇ ਪ੍ਰਕਾਸ਼ਕਾਂ ਨੂੰ ਵੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਕੋਈ ਸਮੱਗਰੀ ਹੈ ਤਾਂ ਸਬੰਧਤ ਅਥਾਰਿਟੀ ਹਵਾਲੇ ਕਰ ਸਕਦਾ ਹੈ। ਪੁਲੀਸ ਦੇ ਇਸ ਰਵੱਈਏ ਦੀ ਯੂਕੇ ਦੇ ਕੁਝ ਮੀਡੀਆ ਪਲੇਟਫਾਰਮ ਮੁਖੀ ਨਿਖੇਧੀ ਕਰ ਰਹੇ ਹਨ ਤੇ ਇਸ ਨੂੰ ਆਜ਼ਾਦੀ ’ਤੇ ਹਮਲਾ ਦੱਸ ਰਹੇ ਹਨ।