ਲੁਧਿਆਣਾ, 17 ਮਈ (ਰਣਜੀਤ ਸਿੱਧਵਾਂ) : ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹੁਨਰ ਸਕੀਮਾਂ ਤਹਿਤ ਕੰਮ ਕਰ ਰਹੇ ਟਰੇਨਿੰਗ ਪਾਰਟਨਰਜ਼ ਨਾਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਆਈ.ਏ.ਐੱਸ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਲੁਧਿਆਣਾ ਵਿਖੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਉਪਰੰਤ ਲੁਧਿਆਣਾ ਦੀਆਂ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਾਂ ਨਾਲ ਗੱਲਬਾਤ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਤੀ ਉੱਪਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਆਈ.ਏ.ਐੱਸ, ਵਧੀਕ ਮਿਸ਼ਨ ਡਾਇਰੈਕਟਰ ਡੀ.ਈ.ਜੀ.ਐੱਸ.ਡੀ.ਟੀ. ਰਾਜੇਸ਼ ਤ੍ਰਿਪਾਠੀ, ਪੀ.ਸੀ.ਐੱਸ., ਏ.ਡੀ.ਸੀ., ਲੁਧਿਆਣਾ ਅਮਿਤ ਕੁਮਾਰ ਪੰਚਾਲ ਅਤੇ ਪੀ.ਐਸ.ਡੀ.ਐਮ. ਤੇ ਡੀਬੀਈਈ ਲੁਧਿਆਣਾ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਸਕੱਤਰ, ਡੀ.ਈ. ਜੀ.ਐਸ.ਡੀ.ਟੀ. ਕੁਮਾਰ ਰਾਹੁਲ ਨੇ 21 ਟਰੇਨਿੰਗ ਪਾਰਟਨਰਜ਼ ਨਾਲ ਪਹਿਲੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੀਆਂ ਡੀਡੀਯੂ-ਜੀਕੇਵਾਈ, ਪੀਐਮਕੇਵੀਵਾਈ ਅਤੇ ਡੀਏਵਾਈ-ਐਨਯੂਐਲਐਮ ਵਰਗੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਪਲੇਸਮੈਂਟ ਪ੍ਰਗਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਿਸ ਸਬੰਧੀ ਪੀਐਸਡੀਐਮ ਪੰਜਾਬ ਵਿੱਚ ਨੋਡਲ ਲਾਗੂਕਰਨ ਏਜੰਸੀ ਹੈ।
ਇਸ ਸੈਸ਼ਨ ਵਿੱਚ ਟੀਪੀਜ਼ ਨੂੰ ਦਰਪੇਸ਼ ਮੁੱਦਿਆਂ ਦੇ ਜਵਾਬ ਦਿੱਤੇ ਗਏ ਅਤੇ ਟਰੇਨਿੰਗ ਪਾਰਟਨਰਜ਼ ਵੱਲੋਂ ਬਿਹਤਰ ਕੰਮ ਕਰਨ ਅਤੇ ਤਾਲਮੇਲ ਲਈ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਸਰਕਾਰ ਨੂੰ ਸਕੀਮਾਂ ਦੀ ਸਫਲਤਾ ਲਈ ਸੁਝਾਅ ਵੀ ਦਿੱਤੇ ਗਏ।
ਲੁਧਿਆਣਾ ਦੀਆਂ ਉਦਯੋਗ ਐਸੋਸੀਏਸ਼ਨਾਂ ਅਤੇ ਉਦਯੋਗਾਂ ਨਾਲ ਦੂਜੇ ਸੈਸ਼ਨ ਦੌਰਾਨ, ਉਦਯੋਗ ਜਗਤ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਰਾਹੀਂ ਸ਼ਾਮਲ ਕਰਕੇ ਉਤਸ਼ਾਹਿਤ ਕਰਨ, ਹੁਨਰ ਵਿਕਾਸ ਵਿੱਚ ਸੀ.ਐਸ.ਆਰ. ਨੂੰ ਸ਼ਾਮਲ ਕਰਨ, ਕੈਪਟਿਵ ਰੋਜ਼ਗਾਰ ਲਈ ਨਾਲ ਉਦਯੋਗਾਂ ਨੂੰ ਪੀ.ਐਸ.ਡੀ.ਐਮ. ਨਾਲ ਸੂਚੀਬੱਧ ਕਰਨ ’ਤੇ ਕੇਂਦਰਿਤ ਸੀ। ਉਦਯੋਗ ਜਗਤ ਆਪਣੀ ਫੀਡਬੈਕ ਦੇਣ ਅਤੇ ਸਮੇਂ ਦੀ ਲੋੜ ਅਨੁਸਾਰ ਨਵੇਂ ਕੋਰਸ ਸੁਰੂ ਕਰਨ ਵਿੱਚ ਵੱਧ ਚੜਕੇ ਅੱਗੇ ਆਇਆ । 4 ਉਦਯੋਗਿਕ ਐਸੋਸੀਏਸ਼ਨਾਂ ਜਿਵੇਂ ਆਟੋ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਆਫ਼ ਇੰਡੀਆ,ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਲੁਧਿਆਣਾ, ਚੈਂਬਰ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਯੂਨਾਈਟਿਡ ਸਾਈਕਲ ਅਤੇ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਲੁਧਿਆਣਾ ਨਾਲ ਐਮਓਯੂ ਸਹੀਬੱਧ ਕੀਤੇ ਤਾਂ ਜੋ ਅਪ੍ਰੈਂਟਿਸਸ਼ਿਪ ਸਿਖਲਾਈ ਪ੍ਰਤੀ ਵਚਨਬੱਧਤਾ ਨੂੰ ਪੱਕੇ ਪੈਰੀਂ ਅਮਲੀ ਜਾਮਾ ਪਵਾਇਆ ਜਾ ਸਕੇ। ਸਕੱਤਰ ਨੇ ਆਪਣੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ। ਉਨਾਂ ਯਕੀਨੀ ਬਣਾਇਆ ਕਿ ਮੁੱਖ ਧਿਆਨ ਨੌਜਵਾਨਾਂ ਲਈ ਢੁਕਵੀਂ ਲਾਮਬੰਦੀ ਅਤੇ ਚੰਗੀ ਪਲੇਸਮੈਂਟ ‘ਤੇ ਕੇਂਦਰਤ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਭਵਿੱਖ ਦੇ ਸੁਧਾਰ ਲਈ ਕਦਮ ਚੁੱਕੇ ਜਾਣਗੇ। ਏ.ਡੀ.ਸੀ., ਲੁਧਿਆਣਾ ਨੇ ਭਵਿੱਖ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕਰਨ ਨੂੰ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤਾਂ ਜੋ ਸਾਰੇ ਭਾਈਵਾਲਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਵਾਇਆ ਜਾ ਸਕੇ। ਕੁਮਾਰ ਰਾਹੁਲ ਨੇ ਆਪਣੀ ਟੀਮ ਦੇ ਨਾਲ ਹੁਨਰ ਕੇਂਦਰਾਂ ਦੇ ਰੋਜਾਨਾ ਦੇ ਕੰਮਕਾਜ ਦੀ ਜਾਂਚ ਲਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ., ਲੁਧਿਆਣਾ ਅਤੇ ਆਈ.ਵੀ.ਵਾਈ., ਦੁਗਰੀ ਦਾ ਦੌਰਾ ਕੀਤਾ ਅਤੇ ਬਣਦੇ ਸੁਧਾਰ ਕਰਨ ਲਈ ਸੁਝਾਅ ਦਿੱਤੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਉਨਾਂ ਦੀ ਰੋਜਗਾਰ ਯੋਗਤਾ ਵਿੱਚ ਵਾਧਾ ਕਰਨ ਲਈ ਮਿਆਰੀ ਸਿਖਲਾਈ ਦਿੱਤੀ ਜਾ ਸਕੇ।