-ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ ਨੇ ਕੀਤੀ ਭੱਠਾ ਮਾਲਕਾਂ ਨਾਲ ਮੁਲਾਕਾਤ
ਫਾਜ਼ਿਲਕਾ, 17 ਮਈ (ਰਣਜੀਤ ਸਿੱਧਵਾਂ) : ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਆਪਸੀ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਹਿਰਦ ਯਤਨ ਜਾਰੀ ਹੈ। ਲੇਬਰ ਵਿਭਾਗ ਸਮੇਤ ਸੀਨਿਅਰ ਅਧਿਕਾਰੀ ਜਿੱਥੇ ਮਜਦੂਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਉਥੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐੱਸ ਅਤੇ ਐੱਸ.ਐੱਸ.ਪੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਨੇ ਭੱਠਾ ਮਾਲਕਾਂ ਨਾਲ ਵੀ ਬੀਤੀ ਦੇਰ ਰਾਤ ਤੱਕ ਬੈਠਕ ਕਰਕੇ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਮਸਲਾ ਸੁਲਝਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਇਸ ਸਬੰਧੀ ਸਾਕਾਰਾਤਮਕ ਸੰਕੇਤ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਹਾਂ ਧਿਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕਰ ਲੈਣ ਕਿਉਂਕਿ ਲਗਾਤਾਰ ਸੜਕ ਰੋਕ ਕੇ ਲਗਾਏ ਜਾ ਰਹੇ ਧਰਨੇ ਕਾਰਨ ਆਮ ਲੋਕ ਵੱਡੇ ਪੱਧਰ ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਨ੍ਹਾਂ ਦੋਹਾਂ ਧਿਰਾਂ ਨੇ ਆਪਸੀ ਝਗੜੇ ਕਾਰਨ ਆਮ ਲੋਕਾਂ ਦੀਆਂ ਮੁਸਕਿਲਾਂ ਨੂੰ ਵਿਚਾਰ ਕੇ ਮਸਲੇ ਦਾ ਨਿਬੇੜਾ ਨਹੀਂ ਕੀਤਾ ਤਾਂ ਰਾਹਗੀਰਾਂ ਅਤੇ ਹੋਰ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਦੇ ਮੱਦੇਨਜਰ ਕਾਨੂੰਨ ਆਪਣਾ ਕੰਮ ਕਰੇਗਾ।