--ਬਾਕੀ ਬਲਾਕਾਂ ਦੇ ਕੈਂਪਾਂ ਦੀਆਂ ਤਾਰੀਖਾਂ ਛੇਤੀ ਐਲਾਨੀਆਂ ਜਾਣਗੀਆਂ : ਡਿਪਟੀ ਕਮਿਸ਼ਨਰ
ਮੋਗਾ, 16 ਮਈ, (ਰਣਜੀਤ ਸਿੱਧਵਾਂ) :
ਨਿਹਾਲ ਸਿੰਘ ਵਾਲਾ ਬਲਾਕ ਨਾਲ ਸੰਬਧਤ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. (ਦਿਵਿਆਂਗਤਾ ਸਰਟੀਫਿਕੇਟ) ਕਾਰਡ ਬਣਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਮਿਤੀ 17 ਮਈ, 2022 ਨੂੰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਉਣ ਤੋਂ ਇਲਾਵਾ ਇਸ ਨੂੰ ਅਪਲਾਈ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਦੱਸਿਆ ਕਿ 17 ਮਈ, ਨੂੰ ਸਿਰਫ਼ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਤ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਏ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਬਲਾਕਾਂ ਦੇ ਦਿਵਿਆਂਗਜਨਾਂ ਲਈ ਵੀ ਸਿਵਲ ਹਸਪਤਾਲ ਮੋਗਾ ਵਿਖੇ ਬਲਾਕ ਵਾਈਜ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਲਾਕਾਂ ਦੇ ਦਿਵਿਆਂਗਜਨਾਂ ਲਈ ਲਗਾਏ ਜਾਣ ਵਾਲੇ ਕੈਂਪਾਂ ਦੀਆਂ ਤਾਰੀਖਾਂ ਵੀ ਛੇਤੀ ਹੀ ਐਲਾਨੀਆਂ ਜਾਣਗੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਇਸ ਕੈਂਪ ਵਿੱਚ ਆਪਣਾ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਅਤੇ ਪੁਰਾਣਾ ਦਿਵਿਆਂਗਤਾ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਮੌਕੇ ਤੇ ਹੀ ਯੂ.ਡੀ. ਆਈ.ਡੀ. ਕਾਰਡ ਅਪਲਾਈ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਿਤ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਠੀਕ ਸਵੇਰੇ 9 ਵਜੇ ਪਹੁੰਚਣ ਨੂੰ ਯਕੀਨੀ ਬਣਾਉਣ।