ਜਗਰਾਉ 13 ਮਈ (ਅਮਿਤਖੰਨਾ) ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਦਮਨਦੀਪ ਕੌਰ ਨੇ ਭਾਸ਼ਣ ਰਾਹੀਂ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ, ਪਿਤਾ ਤੇਜਭਾਨ ਤੇ ਮਾਤਾ ਲੱਖੋ ਦੇ ਗ੍ਰਹਿ ਵਿਖੇ ਭੱਲਾ ਘਰਾਣੇ ਚ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾਂ ਕੰਮ ਕੀਤੇ ਜਿਵੇਂ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਉਸ ਸਮੇਂ ਸਮਾਜ ਵਿਚ ਕਈ ਬੁਰਾਈਆਂ ਪ੍ਰਚੱਲਿਤ ਸਨ ਜਿਵੇਂ: ਜਾਤੀ ਪ੍ਰਥਾ, ਛੂਤ-ਛਾਤ , ਪਰਦੇ ਦਾ ਰਿਵਾਜ ਅਤੇ ਸਤੀ - ਪ੍ਰਥਾ ਆਦਿ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਇਨ੍ਹਾਂ ਕੁਰੀਤੀਆਂ ਚੋਂ ਬਾਹਰ ਆ ਕੇ ਸਹੀ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਆਪ ਜੀ ਨੇ ਸਤਾਰਾਂ ਰਾਗਾਂ ਵਿਚ ਬਾਣੀ ਰਚੀ।ਅਖੀਰ ਵਿੱਚ ਜੀ. ਐੱਚ ਜੀ .ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਗੁਰੂ ਜੀ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਦਾ ਵਿਸ਼ਾ ਭਗਤੀ ਭਾਵ ਤੇ ਭਰਮਾਂ ਕਕਰਮਾਂ ਦਾ ਨਿਵਾਰਨ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਬਾਣੀ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦਾ ਸੰਦੇਸ਼ ਦਿੱਤਾ।