ਸ੍ਰੀ ਮੁਕਤਸਰ ਸਾਹਿਬ 10 ਮਈ (ਰਣਜੀਤ ਸਿੱਧਵਾਂ) : ਹਰ ਕਿਸਮ ਦੇ ਨਸ਼ੇ ਨੂੰ ਗਿਚੀ ਤੋਂ ਫੜ੍ਹ ਕੇ ਹਮੇਸ਼ਾ ਲਈ ਖਤਮ ਕਰਨ ਦਾ ਸੱਦਾ ਦਿੰਦਿਆ ਅੱਜ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਸਰਕਾਰ ਵਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਅਹਿਮ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਕਿਹਾ ਕਿ ਸਮਾਜ ਵਿੱਚ ਫੈਲ ਚੁੱਕੇ ਨਸ਼ੇ ਰੂਪੀ ਜ਼ੰਗ ਨੂੰ ਸਕਰਾਤਮ ਸੋਚ ਨਾਲ ਖਤਮ ਕੀਤਾ ਜਾ ਸਕਦਾ ਹੈ। ਓਹਨਾਂ ਜ਼ਿਲ੍ਹਾ ਪ੍ਰਸਾ਼ਸਨ ਨੂੰ ਹਦਾਇਤ ਕੀਤੀ ਕਿ ਸਮਾਜ ਵਿਚੋਂ ਨਸ਼ੇ ਵਰਗੀ ਲਾਹਨਤ ਨੂੰ ਖਤਮ ਕਰਨ ਲਈ ਜਿ਼ਲ੍ਹੇ ਵਿੱਚ ਨਸ਼ੇ ਵਿਰੋਧੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦੁਆਇਆ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਅਤੇ ਮੁੜ ਵਸਾਓ ਕੇਂਦਰਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਜਿ਼ਲ੍ਹਾ ਪੁਲਿਸ ਵਲੋਂ ਨਸ਼ੇ ਵੇਚਣ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਕਾਰਜ ਕਾਲ ਦੌਰਾਨ 68 ਤਸਕਰਾਂ ਵਿਰੁੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਜੇਕਰ ਕੋਈ ਜਿ਼ਲ੍ਹੇ ਵਿੱਚ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸਦੀ ਸੂਚਨਾਂ ਉਹਨਾਂ ਦੇ ਵਟਸਐਪ ਨੰਬਰ 80549-00133 ਤੇ ਦਿੱਤੀ ਜਾ ਸਕਦੀ ਹੈ, ਜਿਥੇ ਸੂਚਨਾਕਾਰ ਦਾ ਨਾਮ ਗੁਪਤਾ ਰੱਖਿਆ ਜਾਵੇਗਾ । ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਿਸ਼ਵਾਸ ਦੁਆਇਆ ਕਿ ਉਹਨਾਂ ਦੀਆਂ ਸੰਸਥਾਵਾਂ ਵਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਤੇ ਨਸ਼ਾ ਵਿਰੋਧੀ ਇੱਕ ਪੈਂਫਲਿਟ ਵੀ ਜਾਰੀ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਲਪ੍ਰੀਤ ਸਿੰਘ ਏ.ਡੀ.ਸੀ. ਅਰਬਨ, ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਜਿ਼ਲ੍ਹੇ ਦੇ ਸਮੂਹ ਐਸ.ਡੀ. ਐਮਜ, ਗੁਰਦੀਪ ਸਿੰਘ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਾਰਟੀ ਦੇ ਜੁਆਇੰਟ ਸਕੱਤਰ ਵਰਿੰਦਰ ਕੁਮਾਰ ਢੋਸੀਵਾਲ, ਜਗਦੇਵ ਸਿੰਘ ਬਾਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਜ਼ਸਨ ਸਿੰਘ ਬਰਾੜ ਲੋਕ ਸਭਾ ਇੰਚਾਰਜ ਫਿਰੋਜ਼ਪੁਰ, ਸਿਮਰਜੀਤ ਸਿੰਘ ਹਲਕਾ ਇੰਚਾਰਜ, ਡਾ. ਰਾਹੁਲ ਜਿੰਦਲ, ਡਾ.ਨਰੇਸ਼ ਪਰੂਥੀ, ਡਾ.ਸੁਖਦੇਵ ਸਿੰਘ ਗਿੱਲ, ਡਾ. ਮਨੋਜ਼ ਅਸੀਜਾ, ਬਬਲੂ ਜੁਨੇਜਾ, ਜ਼ਸਪ੍ਰੀਤ ਸਿੰਘ ਛਾਬੜਾ ਵੀ ਮੌਜੂਦ ਸਨ।