ਪੀੜ੍ਹਤ ਮਾਂ 42ਵੇਂ ਦਿਨ ਵੀ ਬੈਠੀ ਰਹੀ ਭੁੱਖ ਹੜਤਾਲ 'ਤੇ
ਚਾਹੇ ਮੇਰੀ ਜਾਨ ਚਲੀ ਜਾਵੇ ਅੰਤ ਤੱਕ ਲੜ੍ਹਾਂਗੀ-ਭੁੱਖ ਹੜਤਾਲੀ ਮਾਤਾ
ਜਗਰਾਉਂ 10 ਮਈ (ਮਨਜਿੰਦਰ ਗਿੱਲ) ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਅੱਜ 49ਵੇਂ ਦਿਨ ਵੀ ਥਾਣੇ ਮੂਹਰੇ ਧਰਨਾ ਲਗਾਇਆ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਮੈਂਬਰ ਜੱਥੇਦਾਰ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜਗਸੀਰ ਸਿੰਘ ਢਿੱਲੋ ਤੇ ਰਾਮਤੀਰਥ ਸਿੰਘ ਲੀਲਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਮੁਕੱਦਮੇ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਗਰੀਬ ਪਰਿਵਾਰ ਦੀ ਫਰਿਆਦ ਨਹੀਂ ਸੁਣ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਲਈ ਇਲਾਕੇ ਦੇ ਪਿੰਡਾਂ ਵਿੱਚ ਮੋਟਰ ਸਾਇਕਲ ਮਾਰਚ ਕਰਕੇ ਆਮ ਲੋਕਾਂ ਨੂੰ ਪੁਲਿਸ ਅਤੇ ਸਿਆਸੀ ਗੱਠਜੋੜ ਖਿਲਾਫ਼ ਲਾਮਬੰਦ ਕੀਤਾ ਜਾਵੇਗਾ। ਪ੍ਰੈਸ ਨੂੰ ਜਾਰੀ ਬਿਆਨ 'ਚ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਸੰਗੀਨ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਤੱਕ ਸੰਘਰਸ਼ ਹਰ ਹਾਲ਼ ਵਿੱਚ ਨਾਂ ਸਿਰਫ਼ ਜਾਰੀ ਰੱਖਿਆ ਜਾਵੇਗਾ ਸਗੋਂ ਮੁਹਿੰਮ ਨੂੰ ਤੇਜ਼ ਕਰਨ ਪਿੰਡ-ਪਿੰਡ ਲਾਮਬੰਦੀ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਭੁੱਖ ਹੜਤਾਲੀ ਪੀੜ੍ਹਤ ਬਜ਼ੁਰਗ ਮਾਤਾ ਸੁਰਿੰਦਰ ਕੌਰ ਨੇ ਪ੍ਰੈਸ ਨੂੰ ਕਿਹਾ ਕਿ ਭਾਵੇਂ ਉਸ ਦੀ ਉਮਰ ਵਡੇਰੀ ਹੋ ਚੁੱਕੀ ਹੈ ਪਰ ਉਸ ਦਾ ਹੌਸਲ਼ਾ ਬੁਲੰਦ ਹੈ ਉਹ ਅੰਤ ਤੱਕ ਇਨਸਾਫ਼ ਦੀ ਇਹ ਜੰਗ ਲੜ੍ਹੇਗੀ ਚਾਹੇ ਉਸ ਦੀ ਜਾਨ ਹੀ ਕਿਉਂ ਨਾਂ ਚਲੀ ਜਾਵੇ। ਉਹ ਇਨਸਾਫ਼ਪਸੰਦ ਲੋਕਾਂ ਦੀ ਮੱਦਦ ਨਾਲ ਦੋਸ਼ੀਆਂ ਨੂੰ ਜੇਲ਼ੀ ਬੰਦ ਕਰਵਾਉਣ ਦਾ ਯਤਨ ਕਰੇਗੀ। ਇਸ ਸਮੇਂ ਰੂਪ ਸਿੰਘ, ਬੀਕੇਯੂ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ, ਰਾਮਤੀਰਥ ਸਿੰਘ, ਜਲ਼ੌਰ ਸਿੰਘ, ਗੁਰਚਰਨ ਸਿੰਘ ਬਾਬੇਕਾ, ਸੁਰੈਣ ਸਿੰਘ ਧੂਰਕੋਟ, ਨਛੱਤਰ ਸਿੰਘ ਬਾਰਦੇ ਕੇ, ਦਸਮੇਸ਼ ਕਿਸਾਨ ਮਜ਼ਦੂਰ ਆਗੂ ਸਰਵਿੰਦਰ ਸਿੰਘ ਸੁਧਾਰ, ਕੁਲਵੰਤ ਸਿੰਘ ਝੋਰੜਾਂ, ਮਨਜੀਤ ਕੌਰ ਕਮਲਜੀਤ ਕੌਰ ਹਾਜ਼ਰ ਸਨ।