ਜਗਰਾਓ,ਹਠੂਰ,9,ਮਈ-(ਕੌਸ਼ਲ ਮੱਲ੍ਹਾ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਵਿਚ ਕਿਸਾਨੀ ਮੰਗਾ ਨੂੰ ਲੈ ਕੇ 16 ਕਿਸਾਨ ਜੱਥੇਬੰਦੀਆ ਵੱਲੋ ਰੋਸ ਪ੍ਰਦਰਸਨ ਕੀਤੇ ਗਏ ਅਤੇ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੁਨੀਅਨ ਏਕਤਾ (ਡਕੌਦਾ)ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਜਗਰਾਓ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,ਮੀਤ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਆਦਿ ਆਗੂਆ ਨੇ ਕਿਸਾਨੀ ਮੰਗਾ ਬਾਰੇ ਬੋਲਦਿਆ ਕਿਹਾ ਕਿ ਕਣਕ ਦਾ ਮੌਜੂਦਾ ਝਾੜ ਅਣਕਿਆਸੀ ਗਰਮੀ ਪੈਣ ਕਾਰਨ ਘੱਟਿਆ ਹੈ।ਜਿਸ ਕਰਕੇ ਕਿਸਾਨ ਨੂੰ ਕਣਕ ਦੀ ਫਸਲ ਵਿਚੋ ਵੱਡਾ ਘਾਟਾ ਪਿਆ ਹੈ।ਇਸ ਘਾਟੇ ਨੂੰ ਪੂਰਾ ਕਰਨ ਲਈ ਦਸ ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਅੱਗ ਨਾਲ ਸੜੀ ਕਣਕ ਦੀ ਫਸਲ ਦਾ ਕਿਸਾਨਾ ਨੂੰ 40 ਹਜਾਰ ਰੁਪਏ ਪ੍ਰਤੀ ਏਕੜ ਮੁਅਵਜਾ ਦਿੱਤਾ ਜਾਵੇ।ਗੰਨੇ ਦੀ ਫਸਲ ਦਾ ਬਕਾਇਆ ਤੁਰੰਤ ਕਿਸਾਨਾ ਦੇ ਖਾਤਿਆ ਵਿਚ ਪਾਇਆ ਜਾਵੇ।ਨਹਿਰੀ ਪਾਣੀ ਦੀ ਘਾਟ ਤੁਰੰਤ ਦੂਰ ਕੀਤੀ ਜਾਵੇ।ਸਬਜੀ ਬੀਜਣ ਵਾਲੇ ਕਿਸਾਨਾ ਲਈ ਰੋਜਾਨਾ ਛੇ ਘੰਟੇ ਬਿਜਲੀ ਦਿੱਤੀ ਜਾਵੇ।ਝੋਨਾ ਲਾਉਣ ਲਈ ਇੱਕ ਜੂਨ ਤੋ ਅੱਠ ਘੰਟੇ ਬਿਜਲੀ ਯਕੀਨੀ ਬਣਾਈ ਜਾਵੇ।ਇਸ ਤੋ ਇਲਾਵਾ ਉਨ੍ਹਾ ਅਨੇਕਾ ਕਿਸਾਨ ਹੱਕੀ ਮੰਗਾ ਮੰਨਵਾਉਣ ਲਈ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ।ਉਨ੍ਹਾ ਕਿਹਾ ਕਿ ਇਸ ਮੰਗ ਪੱਤਰ ਦੀ ਕਿਸਾਨ ਜੱਥੇਬੰਦੀਆ 25 ਮਈ ਤੱਕ ਉਡੀਕ ਕਰਨਗੀਆ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਇੰਦਰਜੀਤ ਸਿੰਘ ਧਾਲੀਵਾਲ,ਇਕਬਾਲ ਸਿੰਘ ਸਿੱਧੂ,ਸੁਖਦੀਪ ਸਿੰਘ ਬਾਠ,ਸੁੱਖਾ ਬਾਠ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਕਿਸਾਨ ਵੀਰ ਹਾਜ਼ਰ ਸਨ।