''ਤਾਂਘ''
ਜਿੰਦਗੀ ਵਿੱਚ ਹਾਰੇ ਹੋਏ ਇਨਸਾਨ ਦੀ ਸਾਰ ਲੈਣ ਲਈ ਕੋਈ ਤਿਆਰ ਨਹੀਂ , ਸਗੋਂ ਉਸ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਇਸ ਕਰਕੇ ਉਸ ਦੁਆਰਾ ਕੀਤੇ ਹੋਏ ਕੰਮਾ ਦਾ ਅਪਮਾਨ ਕੀਤਾ ਜਾਂਦਾ ਹੈ , ਜਰਾ ਸੋਚੋ ਉਸ ਨੇ ਕੋਸ਼ਿਸ਼ ਤਾਂ ਕੀਤੀ ਕੁਝ ਨਵਾਂ ਅਤੇ ਨਵੇਕਲਾ ਕਰਨ ਦੀ ।ਅਕਸਰ ਦਿਖਾਵਾ ਕਰਨ ਵਾਲੇ ਖੁਦ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ ਅਜਿਹੇ ਲੋਕਾ ਨੂੰ ਸਮਾਜ ਵਿੱਚ ਵੀ ਕੋਈ ਮੂੰਹ ਲਾ ਕੇ ਬਹੁਤ ਰਾਜੀ ਨਹੀਂ ਹੁੰਦਾ ।ਹਰ ਕੋਈ ਆਪਣੇ ਹਿਸਾਬ ਤਰੀਕੇ ਨਾਲ ਜਿੰਦਗੀ ਬਤੀਤ ਕਰ ਰਿਹਾ ਹੈ ।ਕਿਸੇ ਬਾਰੇ ਨੁਕਤਾ ਚੀਣੀ ਕਰਨਾ ਕੋਈ ਹੱਕ ਨਹੀਂ ਜੇਕਰ ਕਿਸੇ ਦਾ ਮਨੋਬਲ ਵਧਾ ਨਹੀਂ ਸਕਦੇ ਤਾਂ ਘਟਾਉਣ ਵੱਲ ਵੀ ਨਾ ਆਈਏ।ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਕਿਸੇ ਨੂੰ ਕਿਸ ਤਰ੍ਹਾ ਦੀ ਸਲਾਹ ਦਿੰਦੇ ਹਾਂ , ਆਤਮ ਵਿਸ਼ਵਾਸ਼ ਘਟਾਉਣ ਜਾ ਵਧਾਉਣ ਲਈ ਜਵਾਬ ਖੁਦ ਹੀ ਮਿਲ ਜਾਣਗੇ । ਕਿਸੇ ਨੂੰ ਦਿੱਤੀ ਹੋਈ ਚੰਗੀ ਸਲਾਹ ਇਨਸਾਨ ਦੀ ਜਿੰਦਗੀ ਬਦਲ ਦਿੰਦੀ ਹੈ ।
ਨਵੇਂ -ਨਵੇਂ ਤਜ਼ਰਬੇ ਕਰਕੇ ਅੱਗੇ ਵੱਧਣਾ ਕਾਮਯਾਬੀ ਦੇ ਸੰਕੇਤ ਹਨ, ਇਸ ਤਰ੍ਹਾ ਜਿੱਤ ਅਤੇ ਹਾਰ ਵੀ ਇਸ ਦੇ ਅੰਗ ਹਨ । ਆਪਣੇ ਆਪ ਨੂੰ ਕਮਜ਼ੋਰ ਮੰਨ ਲੈਣ ਹਾਰ ਦੀ ਪ੍ਰਮੁੱਖ ਨਿਸ਼ਾਨੀ ਹੈ, ਜਿਸ ਕਰਕੇ ਹੁਨਰ ਨੂੰ ਪਹਿਚਾਣ ਨਹੀਂ ਮਿਲ ਪਾਉਂਦੀ । ਅਕਸਰ ਕਿਹਾ ਜਾਦਾ ਹੈ ਕਿ ਇਨਸਾਨ ਵਿੱਚ ਹੁਨਰ ਤਾ ਬਹੁਤ ਹੈ, ਪਰ ਇੱਕ 'ਤਾਂਘ; ਨਹੀਂ ਰੱਖਦਾ ਅੱਗੇ ਵੱਧਣ ਲਈ। ਇਹਨਾ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਤਾਂਘ' ਸਫਲਤਾ ਦੀ ਮੁੱਢਲੀ ਇਕਾਈ ਹੈ ।
ਚੰਗੇ ਵਿਚਾਰ, ਸੁਪਨੇ ਅਤੇ ਚੰਗੀਆ ਸਿਰਜਨਾਵਾਂ ਆਪਣੇ ਆਪ ਵਿੱਚ 'ਤਾਂਘ' ਦੀਆਂ ਨਿਸ਼ਾਨੀਆ ਹਨ,'ਤਾਂਘ' ਨਾਲ ਹੀ ਉਤਸ਼ਾਹ ਉਤਪੰਨ ਹੁੰਦਾ ਹੈ, ਜੇਕਰ 'ਤਾਂਘ' ਤੇ ਆਤਮ ਵਿਸ਼ਵਾਸ਼ ਦਾ ਅਹਿਮ ਸੁਮੇਲ ਬਣ ਜਾਵੇ ਤਾਂ ਫਿਰ ਇਨਸਾਨ ਨੂੰ ਉੱਚੇ ਨੀਵੇਂ ਰਾਹਾ ਤੇ ਨਹੀਂ ਢੋਲਣ ਦੇਵੇਗਾ ਅਤੇ ਟੀਚੇ ਤੇ ਪਹੁੰਚਣ ਲਈ ਮਦਦਗਾਰ ਸਾਬਤ ਹੋਵੇਗਾ । ਮਿੱਥੇ ਹੋਏ ਟੀਚੇ ਤੇ ਪਹੁੰਚਣ ਨਾਲ ਜਿੱਥੇ ਆਦਰ ਸਤਿਕਾਰ ਮਿਲੇਗਾ, ਸਗੋਂ ਇਲਾਕੇ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ ਹੋਰ ਦੀ ਜਿੰਦਗੀ ਵੀ ਰੁਸ਼ਨਾਵੇਂਗਾ। ਭਾਵੇ ਉਸ ਨੂੰ ਦੇਖ ਕੇ ਹੋਰਨਾ ਦਾ ਮਨ ਡੋਲੇਗਾ ਨਹੀਂ ਸਗੋਂ ਤਰੱਕੀ ਦੀ ਰਾਹ ਵੱਲ ਵਧੇਗਾ।
ਮਿੱਥੇ ਹੋਏ ਟੀਚੇ ਦੀ ਗੱਲ ਕਰੀਏ ਤਾ ਨਿਯਮਿਤ ਹੋਣਾ ਵੀ ਇੱਕ ਮਹੱਤਵਪੂਰਨ ਤੱਥ ਹੈ। ਸਮੇਂ ਦਾ ਨਿਯਮਿਤ ਮਨੁੱਖ ਕੰਮ ਨੂੰ ਸਮੇਂ ਸਿਰ ਖਤਮ ਕਰਕੇ ਅਗਲੇ ਪੜਾ ਵੱਲ ਵੱਧਣ ਦੀ 'ਤਾਂਘ' ਰੱਖਦਾ ਹੈ, ਪਰ ਆਲਸੀ ਮਨੁੱਖ ਤਾਂ ਪਿਛੜੇ ਹੋਏ ਕੰਮਾ ਨੂੰ ਨਾ ਪੂਰਾ ਕਰਨ ਲਈ ਬਹਾਨੇ ਲੱਭਦਾ ਹੈ ।
ਅੱਗੇ ਵੱਧਣਾ ਤਾਂ ਵੱਧਣਾ ਹੀ ਹੈ ਰਫਤਾਰ ਐਨੀ ਮਾਇਨੇ ਨਹੀਂ ਰੱਖਦੀ ਪਰ ਇੱਕ ਰਫਤਾਰ ਤੋਂ ਅੱਗੇ ਜਾਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ । ਸੁਚਾਰੂ ਢੰਗ ਨਾਲ ਪੁੱਟੇ ਹੋਏ ਕਦਮ ਜਿੰਦਗੀ ਨੂੰ ਨਵੀਂ ਦਿਸ਼ਾ ਦਿੰਦੇ ਹਨ ।ਆਪਣੇ ਮਨੋਬਲ ਨੂੰ ਕਾਇਮ ਰੱਖ ਕੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰਨ ਦੀ 'ਤਾਂਘ' ਨੂੰ ਲੈ ਕੇ ਜਿੰਦਗੀ ਵਿੱਚ ਬਹੁਤ ਅੱਗੇ ਵਧਿਆ ਜਾ ਸਕਦਾ ਹੈ ।
ਅਮਨਦੀਪ ਸਿੰਘ
ਸ਼ਹਾਇਕ ਪ੍ਰੋਫੈਸਰ
ਆਈ.ਐਸ.ਐਫ.ਕਾਲਜ ਆਫ ਫਾਰਮੈਂਸੀ
ਮੋਗਾ।
ਸਪੰਰਕ:-94654-23413