You are here

ਜ਼ਿਲਾ ਲੁਧਿਆਣਾ ਦੇ 12 ਬਲਾਕਾਂ 'ਚ ਚਲਾਇਆ ਜਾਵੇਗਾ 'ਜਲ ਸ਼ਕਤੀ ਅਭਿਆਨ'

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ)-ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਵਿਭਾ ਭੱਲਾ ਆਈ. ਆਰ. ਐੱਸ. ਨੇ ਕਿਹਾ ਹੈ ਕਿ ਵੱਖ-ਵੱਖ ਮਹਿਕਮੇ ਗੰਭੀਰਤਾ ਅਤੇ ਤਾਲਮੇਲ ਨਾਲ 'ਜਲ ਸ਼ਕਤੀ ਅਭਿਆਨ' ਨੂੰ ਲੋਕ ਲਹਿਰ ਬਣਾਉਣ, ਤਾਂ ਜੋ ਇਕਜੁੱਟਤਾ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਜ਼ਿਲਾ ਲੁਧਿਆਣਾ ਲਈ ਨੋਡਲ ਅਫ਼ਸਰ ਬਣਾਏ ਗਏ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ੍ਰੀਮਤੀ ਭੱਲਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲਾ ਲੁਧਿਆਣਾ ਸਣੇ ਦੇਸ਼ ਦੇ 255 ਜ਼ਿਲਿਆਂ ਵਿਚ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਗਿਆ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ਬਰਬਾਦੀ ਰੋਕਣ, ਲੋੜ ਅਨੁਸਾਰ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰਨ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕੇ।ਉਨਾਂ ਕਿਹਾ ਕਿ ਇਸ ਮੁਹਿੰਮ ਵਿਚ ਜਨਤਾ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਨੂੰ ਲੋਕ ਲਹਿਰ ਬਣਾਕੇ ਸਾਂਝੇ ਯਤਨ ਕੀਤੇ ਜਾ ਸਕਣ। ਉਨਾਂ ਕਿਹਾ ਕਿ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐਨ.ਜੀ.ਓਜ਼, ਸਰਪੰਚ-ਪੰਚ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੋੜਿਆ ਜਾਵੇ। ਸ੍ਰੀਮਤੀ ਭੱਲਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਪਾਣੀ ਬਚਾਉਣ, ਦੁਰਵਰਤੋਂ ਰੋਕਣ, ਪਾਣੀ ਦੀ ਗੁਣਵੱਤਾ ਸੁਧਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ, ਜਿਸ ਪਿਛੋਂ 'ਜ਼ਿਲਾ ਪੱਧਰੀ ਪਾਣੀ ਸੰਭਾਲ ਯੋਜਨਾ' ਦਾ ਖਰੜਾ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਸ਼ੁਰੂਆਤੀ ਦੌਰ ਵਿਚ ਜ਼ਿਲੇ ਦੇ 12 ਬਲਾਕਾਂ (ਮਲੌਦ ਬਲਾਕ ਛੱਡ ਕੇ) ਵਿਚ ਕੰਮ ਕੀਤਾ ਜਾਵੇਗਾ, ਜਿਸ ਤਹਿਤ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਜਿਜ਼ (ਖਾਈਆਂ) ਦਾ ਨਿਰਮਾਣ ਕਰਨ, ਧਰਤੀ ਹੇਠ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇਗਾ। ਸੰਯੁਕਤ ਸਕੱਤਰ ਨੇ ਕਿਹਾ ਕਿ ਜੇਕਰ ਅੱਜ ਅਸੀਂ ਪਾਣੀ ਨੂੰ ਨਾ ਸਾਂਭਿਆ ਤਾਂ ਇਹ ਭਵਿੱਖ ਵਿੱਚ ਮਨੁੱਖੀ ਹੋਂਦ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਨਾਂ ਭੌਂ ਸੰਭਾਲ ਵਿਭਾਗ, ਜੰਗਲਾਤ, ਸਿੰਚਾਈ, ਖੇਤੀਬਾੜੀ, ਡਰੇਨੇਜ਼, ਜਲ ਸਪਲਾਈ, ਪੇਂਡੂ ਵਿਕਾਸ ਤੇ ਪੰਚਾਇਤ, ਸੀਵਰੇਜ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਾਣੀ ਬਚਾਉਣ ਵੱਲ ਉਚੇਚਾ ਧਿਆਨ ਦੇਣ ਦੀ ਅਪੀਲ ਕਰਦਿਆਂ ਇਸ ਵਿਸ਼ੇ 'ਤੇ ਡੂੰਘਾ ਵਿਚਾਰ-ਵਟਾਂਦਰਾ ਕਰਦਿਆਂ ਜਲਦੀ ਤੋਂ ਜਲਦੀ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚਨਾ ਦੇਣ ਲਈ ਕਿਹਾ। ਉਨਾਂ ਕਿਹਾ ਕਿ 12 ਬਲਾਕਾਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੋਹਾਂ ਵੱਲ ਖ਼ਾਸ ਤਵੱਜੋਂ ਦੇਣੀ ਹੋਵੇਗੀ, ਤਾਂ ਹੀ ਇਸ ਮਿਸ਼ਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨਾਂ ਜਿਥੇ ਖੇਤੀਬਾੜੀ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਯੋਜਨਾ ਉਲੀਕਣ ਲਈ ਕਿਹਾ, ਉਥੇ ਫ਼ਸਲੀ ਵਿਭਿੰਨਤਾ, ਤੁਪਕਾ ਸਿੰਚਾਈ, ਜ਼ਮੀਨਦੋਜ਼ ਪਾਣੀ ਪਾਈਪ ਲਾਈਨ, ਸੀਵਰੇਜ ਦੇ ਗ੍ਰੇਅ ਅਤੇ ਬਲੈਕ ਪਾਣੀ ਨੂੰ ਵੱਖਰਾ ਕਰਨ, ਵੱਧ ਤੋਂ ਵੱਧ ਪੌਦੇ ਲਗਾਉਣ, ਟੋਭੇ ਨਵਿਆਉਣ, ਬਰਸਾਤੀ ਪਾਣੀ ਦੀ ਸੰਭਾਲ ਲਈ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਵਰਤਣ ਆਦਿ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।  ਮੱਲੀ ਨੇ ਕਿਹਾ ਕਿ 'ਜਲ ਸ਼ਕਤੀ ਅਭਿਆਨ' ਤਹਿਤ ਪਾਣੀ ਸੰਭਾਲਣ ਸਬੰਧੀ ਵਿਭਾਗਾਂ ਦੇ ਮੁਖੀ ਤੁਰੰਤ ਹਰਕਤ ਵਿਚ ਆ ਕੇ ਵਿੱਢੇ ਜਾ ਰਹੇ ਕਾਰਜਾਂ ਦੀ ਰੂਪ ਰੇਖਾ ਤੁਰੰਤ ਤਿਆਰ ਕਰਕੇ ਸੌਂਪਣ, ਤਾਂ ਜੋ ਸਮੇਂ-ਸਮੇਂ 'ਤੇ ਸਬੰਧਤ ਕੇਂਦਰੀ ਅਧਿਕਾਰੀਆਂ ਵਲੋਂ ਜਾਇਜ਼ਾ ਲਿਆ ਜਾ ਸਕੇ। ਉਨਾਂ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਏ ਜਾ ਰਹੇ ਹਨ। ਉਨਾਂ ਅਧਿਕਾਰੀਆਂ ਨੂੰ ਪੂਰੀ ਗੰਭੀਰਤਾ, ਤਾਲਮੇਲ ਅਤੇ ਇਮਾਨਦਾਰੀ ਨਾਲ 'ਜਲ ਸ਼ਕਤੀ ਅਭਿਆਨ' ਨੂੰ ਸਫਲ ਬਣਾਉਣ ਦੀ ਹਦਾਇਤ ਕੀਤੀ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਥੇ ਪਾਣੀ ਦੀ ਦੁਰਵਰਤੋਂ ਬਿਲਕੁੱਲ ਨਾ ਕੀਤੀ ਜਾਵੇ, ਉਥੇ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ। ਉਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਯਤਨਾ ਦੀ ਲੋੜ ਹੈ। ਇਸ ਮੌਕੇ ਕੇਂਦਰੀ ਟੀਮ ਵਿੱਚ ਸ਼ਾਮਿਲ ਡਾਇਰੈਕਟਰ ਸ੍ਰੀਮਤੀ ਹਰਚਰਨ ਕੌਰ, ਸ੍ਰੀਮਤੀ ਗੁਰਪ੍ਰੀਤ ਗਡੋਕ ਅਤੇ ਸ੍ਰੀ ਏ. ਕੇ. ਕੈਲੋ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸਿਖ਼ਲਾਈ ਅਧੀਨ) ਵਿਰਾਜ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।