You are here

ਕਿਸਾਨ ਮਜ਼ਦੂਰ ਜੁਝਾਰੂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਜ਼ਦੂਰ ਦਿਵਸ ਮਨਾਇਆ ਗਿਆ  

ਜਗਰਾਉਂ,1 ਮਈ ( ਮਨਜਿੰਦਰ ਗਿੱਲ  )ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਪਹਿਲੀ ਮਈ ਦੇ ਮਹਾਨ ਕੋਮਾਂਤਰੀ ਦਿਹਾੜੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਮਜ਼ਦੂਰ ਆਗੂ ਮਦਨ ਸਿੰਘ, ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਚਲੇ ਇਸ ਸਮਾਗਮ ਚ ਲਖਵੀਰ ਸਿਧੂ ਅਤੇ ਹਰਮਨ ਬਾਰਦੇਕੇ ਦੇ ਗੀਤ ਸੰਗੀਤ ਤੋਂ ਬਾਅਦ ਇਲਾਕੇ ਭਰ ਚੋਂ ਪੁੱਜੇ ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਆਪਣੇ ਸੰਬੋਧਨ ਚ ਪ੍ਰਸਿੱਧ ਰੰਗਕਰਮੀ ਫਿਲਮੀ ਅਦਾਕਾਰ ਅਤੇ ਅਧਿਆਪਕ ਆਗੂ ਸੁਰਿੰਦਰ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਗੋਲ਼ੀਆਂ ਖਾ ਕੇ, ਫਾਂਸੀ ਦੇ ਰੱਸੇ ਚੁੰਮ ਕੇ ਅੱਠ ਘੰਟੇ ਡਿਊਟੀ ਦਾ ਜੋ ਹੱਕ ਲੈ ਕੇ ਦਿੱਤਾ ਸੀ ਅਜ ਸੰਸਾਰ ਭਰ ਚ ਕਾਰਪੋਰੇਟ ਸਰਮਾਏ ਦਾਰ ਅਪਣੇ ਮੁਨਾਫ਼ੇ ਦੀ ਹਵਸ ਨੂੰ ਪੂਰਾ ਕਰਨ ਲਈ ਸੰਸਾਰ ਦੇ ਗ਼ਰੀਬ ਪਛੜੇ ਦੇਸ਼ਾਂ ਚ ਆਪਣੀਆਂ ਨਵੳਦਾਰਵਾਦੀ ਨੀਤੀਆਂ ਲਾਗੂ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਨਾਂ ਸਾਮਰਾਜੀ ਨੀਤੀਆਂ ਕਾਰਨ ਹੀ ਬ੍ਰਾਜ਼ੀਲ, ਸ਼ਿਰੀ ਲੰਕਾ ਵਰਗੇ ਮੁਲਕਾਂ ਚ ਬਗਾਵਤ ਉਠ ਖੜੀ ਹੋਈ ਹੈ।ਭਾਰਤ ਚ  ਮੋਦੀ ਦੀ ਕਾਰਪੋਰੇਟ ਪੱਖੀ ਸਰਕਾਰ ਨੇ ਪੂੰਜੀ ਪਤੀਆਂ‌ਦੇ ਹੱਕ ਚ ਪੁਰਾਣੇ ਕਿਰਤ ਕਨੂੰਨਾਂ ਦਾ ਭੋਗ ਪਾ ਕੇ ਨਵੇਂ ਚਾਰ ਕਿਰਤ ਕੋਡ ਲਾਗੂ ਕਰਕੇ ਕਿਰਤੀਆਂ ਤੋਂ ਅੱਠ ਘੰਟੇ ਡਿਊਟੀ, ਯੂਨੀਅਨ ਬਨਾਉਣ, ਹੜਤਾਲ ਕਰਨ, ਗਲਬਾਤ ਕਰਨ ਦੇ ਹੱਕ ਖੋਹ ਲਏ ਹਨ। ਇਥੋਂ ਤਕ ਕਿ ਉਜਰਤ ਤੈਅ ਕਰਨ ਦਾ ਹੱਕ ਵੀ ਕਾਰਪੋਰੇਟਾਂ ਤੇ ਮਾਲਕਾਂ ਨੂੰ ਸੋਂਪ ਦਿੱਤਾ ਗਿਆ ਹੈ।  ਉਨਾਂ ਕਿਸਾਨ ਜਥੇਬੰਦੀਆਂ ਨੁੰ ਪਿੰਡਾਂ ਦੇ ਗਰੀਬ ਮਜ਼ਦੂਰਾਂ ਨੂੰ ਨਾਲ ਜੋੜਣ ਅਤੇ ਕਲਾਵੇ ਚ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜਾਬ ਦੀ ਆਬਾਦੀ ਦਾ ਤੀਹ ਪ੍ਰਤੀਸ਼ਤ ਹਿੱਸਾ ਵਿਹੜਿਆਂ ਚ ਨਰਕੀਂ ਜਿੰਦਗੀ ਭੋਗ ਰਿਹਾ ਹੈ ਜਿਸਨੂੰ ਜਥੇਬੰਦ ਕਰਨਾ ਤੇ ਨਾਲ ਜੋੜਣਾ ਅਜੋਕੇ ਲੁਟੇਰੇ ਪ੍ਰਬੰਧ ਖਿਲਾਫ ਲੜਾਈ ਦੀ ਜਿੱਤ ਲਈ ਲਾਜ਼ਮੀ ਸ਼ਰਤ ਹੈ।ਇਸ ਸਮੇਂ ਆਪਣੇ ਸੰਬੋਧਨ ਵਿਚ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਅਕਾਲੀਆਂ ਕਾਂਗਰਸੀਆਂ ਤੋਂ ਅੱੱਕ ਕੇ ਲਿਆਂਦੇ ਨਵੇਂ ਹਾਕਮਾਂ ਤੋਂ ਲਾਈਆਂ ਉਮੀਦਾਂ ਵੀ ਹੋਲੀ ਹੋਲੀ ਟੁੱਟ ਰਹੀਆਂ ਹਨ।ਉਨਾਂ ਬੀਤੇ ਦਿਨੀਂ ਪਟਿਆਲਾ ਵਿਖੇ ਫਿਰਕੂ ਅਨਸਰਾਂ ਵੱਲੋਂ ਪੰਜਾਬ‌ ਦੀ ਭਾਈਚਾਰਕ ਏਕਤਾ ਨੂੰ ਖਤਮ ਕਰਨ ਲਈ ਭੜਕਾਈ ਅੱਗ ਦੀ ਸਖ਼ਤ ਨਿੰਦਾ ਕਰਦਿਆਂ ਇਸ ਦੇ ਜ਼ਿੰਮੇਵਾਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਕਿਸਾਨ ਆਗੂ ਨੇ ਦੇਸ਼ ਦੇ ਕਈ ਸੂਬਿਆਂ ਚ ਆਰ ਐਸ ਐਸ , ਬੀ ਦੇ ਪੀ ਵਲੋਂ ਮੁਸਲਮਾਨਾਂ ਦੇ ਕਤਲ ਕਰਨ, ਫਸਾਦ ਭੜਕਾਉਣ, ਸੰਗੀਨ ਧਾਰਾਵਾਂ ਹੇਠ ਪਰਚੇ ਦਰਜ ਕਰਨ , ਘਰਾਂ ਤੇ ਬੁਲਡੋਜ਼ਰ ਫੇਰਨ ਦੀ ਸਖ਼ਤ ਨਿੰਦਾ ਕਰਦਿਆਂ ਲੋਕਾਂ ਨੂੰ ਮੋਦੀ ਹਕੂਮਤ ਵਲੋਂ ਆਉਂਦੀਆਂ ਲੋਕ ਸਭਾ ਇਲੈਕਸ਼ਨਾਂ ਨੂੰ ਮੁੱਖ ਕਰਕੇ ਭੜਕਾਈ ਜਾ ਰਹੀ ਫਿਰਕੂ ਜ਼ਹਿਰ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਮੰਚ ਸੰਚਾਲਨ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਕੀਤਾ। ਇੰਦਰਜੀਤ ਸਿੰਘ ਧਾਲੀਵਾਲ, ਲਖਵੀਰ ਸਿੰਘ ਸਮਰਾ ਸਾਬਕਾ ਡੀ ਈ ਓ, ਕੁਲਦੀਪ ਸਿੰਘ ਗੁਰੂਸਰ ਡੀ ਟੀ ਐਫ,ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ, ਕਰਨੈਲ ਸਿੰਘ ਭੋਲਾ, ਸ਼ਮਸ਼ੇਰ ਸਿੰਘ ਮਲਕ, ਜਸਵਿੰਦਰ ਸਿੰਘ ਕਾਕਾ ਭਮਾਲ ਆਦਿ ਹਾਜ਼ਰ ਸਨ।‌ਉਪਰੰਤ ਸਮੂਹ ਕਿਸਾਨ ਮਜ਼ਦੂਰ ਕਾਫ਼ਲਾ ਬਣਾ ਕੇ ਸਿਟੀ ਥਾਣੇ ਮੂਹਰੇ ਚਲ ਰਹੇ ਧਰਨੇ ਚ ਮਨਾਏ ਜਾ ਰਹੇ ਸਾਂਝੇ ਮਈ ਸਮਾਗਮ‌ਚ ਸ਼ਾਮਲ ਹੋਏ।