You are here

ਕਰਤਾਰਪੁਰ ਸਾਹਿਬ ਲਾਂਘਾ: ਪਾਕਿ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ

ਨਵੀਂ ਦਿੱਲੀ, 8 ਫਰਵਰੀ-(ਜਨ ਸ਼ਕਤੀ ਨਿਉਜ)- ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕਦਮ ਅੱਗੇ ਵਧਾਉਣ ਨੂੰ ਤਿਆਰ ਹੋ ਗਈਆਂ ਹਨ। ਭਾਰਤ ਵੱਲੋਂ ਲਾਂਘੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦੀਆਂ ਪ੍ਰਸਤਾਵਿਤ ਤਰੀਕਾਂ ਦਾ ਐਲਾਨ ਕੀਤੇ ਜਾਣ ਮਗਰੋਂ ਅੱਜ ਇਸਲਾਮਾਬਾਦ ਨੇ ਕਿਹਾ ਕਿ 13 ਮਾਰਚ ਨੂੰ ਉਨ੍ਹਾਂ ਦੀ ਟੀਮ ਗੱਲਬਾਤ ਲਈ ਭਾਰਤ ਜਾਵੇਗੀ। ਭਾਰਤੀ ਵਫ਼ਦ ਵੀ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਲਈ 28 ਮਾਰਚ ਨੂੰ ਸਰਹੱਦ ਪਾਰ ਜਾਵੇਗਾ। ਵਿਦੇਸ਼ ਮਾਮਲਿਆਂ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਉਹ ਪਾਕਿਸਤਾਨੀ ਵਫ਼ਦ ਦਾ 13 ਮਾਰਚ ਨੂੰ ਭਾਰਤ ਆਉਣ ’ਤੇ ਸਵਾਗਤ ਕਰਨਗੇ। ਸ੍ਰੀ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਨੇ ਦੋਵੇਂ ਪਾਸਿਆਂ ਦੇ ਇੰਜਨੀਅਰਾਂ ਵਿਚਕਾਰ ਤਕਨੀਕੀ ਪੱਧਰ ਦੀ ਗੱਲਬਾਤ ਦੀ ਤਜਵੀਜ਼ ਭੇਜੀ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨ ਸਕਾਰਾਤਮਕ ਹੁੰਗਾਰਾ ਭਰੇਗਾ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਦੌਰਾਨ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਦੇ ਵਿਕਾਸ ਦਾ ਕੰਮ ਦੇਖਣ ਲਈ ਵਿਸ਼ੇਸ਼ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ। ਕਮੇਟੀ ਦੀ ਅਗਵਾਈ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਕਰਨਗੇ। ਇਹ ਕਮੇਟੀ ਨਾਰੋਵਾਲ ਜ਼ਿਲ੍ਹੇ ’ਚ ਕਰਤਾਰਪੁਰ ਸਾਹਿਬ ਨੇੜਲੇ ਇਲਾਕੇ ਨੂੰ ਵਿਕਸਤ ਕਰਨ ਅਤੇ ਹੋਟਲ, ਦੁਕਾਨਾਂ ਤੇ ਹੋਰ ਸਹੂਲਤਾਂ ਦੇ ਕੰਮ ਨੂੰ ਦੇਖੇਗੀ।