You are here

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ

ਫ਼ਤਿਹਗੜ੍ਹ ਪੰਜਗਰਾਈਆਂ ਦਾ ਬਲਾਕ ਪੱਧਰੀ ਸਿਹਤ ਮੇਲਾ ਅਹਿਮਦਗੜ੍ਹ ਵਿਖੇ ਹੋਇਆ

ਚਾਰ ਸੌ ਤੋਂ ਵਧੇਰੇ ਲੋਕਾਂ ਨੇ ਲਿਆ ਮੈਡੀਕਲ ਕੈਂਪ ਦਾ ਲਾਹਾ

 ਮਾਲੇਰਕੋਟਲਾ /ਅਹਿਮਦਗੜ੍ਹ/ਫ਼ਤਿਹਗੜ੍ਹ ਪੰਜਗਰਾਈਆਂ  22 ਅਪ੍ਰੈਲ   (ਰਣਜੀਤ ਸਿੱਧਵਾਂ)  : ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਸਮਾਗਮਾਂ ਦੀ ਲੜੀ ਤਹਿਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ  ਸੀਨੀਅਰ ਮੈਡੀਕਲ ਅਫ਼ਸਰ ਮੰਡੀ ਅਹਿਮਦਗੜ੍ਹ ਡਾ. ਰਾਜੇਸ਼ ਗਰਗ ਦੇ ਸਹਿਯੋਗ ਨਾਲ ਬਲਾਕ ਪੱਧਰੀ ਸਿਹਤ ਮੇਲਾ ਸੀ.ਐੱਚ.ਸੀ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ । ਇਸ ਮੇਲੇ ਵਿੱਚ  ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੀਤਾ ਕਟਾਰੀਆ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬਿੰਦੂ ਨਲਵਾ ਵੀ ਮੌਜੂਦ ਸਨ । ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲਗਾਏ ਜਾ ਰਹੇ ਬਲਾਕ ਪੱਧਰੀ ਸਿਹਤ ਮੇਲੇ ਬਹੁਤ ਵਧੀਆ ਉੱਦਮ ਹਨ ।  ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਤੇ ਹੋਰ ਲੋੜੀਂਦੀਆਂ ਸੇਵਾਵਾਂ ਬਿਹਤਰੀਨ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਮੇਲੇ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਅਜਿਹੇ ਉਪਰਾਲਿਆਂ ਦਾ ਹੀ ਹਿੱਸਾ ਹੈ। ਇਸ ਮੌਕੇ ਉਨ੍ਹਾਂ ਸਿਹਤ ਮੇਲੇ ’ਚ ਵੱਖ-ਵੱਖ ਬਿਮਾਰੀਆਂ ਦੇ ਚੈੱਕਅਪ, ਮੁਫ਼ਤ ਦਵਾਈਆਂ ਤੇ ਜਾਗਰੂਕਤਾ ਸਮੱਗਰੀ ਵਾਲੀਆਂ ਸਟਾਲਾਂ ਦਾ ਜਾਇਜ਼ਾ ਲਿਆ । ਉਨ੍ਹਾਂ ਇਸ ਮੌਕੇ ਮੇਲੇ ਦੇ ਪ੍ਰਬੰਧਾਂ  ਪ੍ਰਸ਼ੰਸਾ ਕਰਦਿਆ ਸੀਨੀਅਰ ਮੈਡੀਕਲ ਅਫ਼ਸਰ ਫ਼ਤਿਹਗੜ੍ਹ ਪੰਜਗਰਾਈਆਂ ਡਾ. ਐਮ.ਐਸ ਹਸੀਨ ,ਐੱਸਐੱਮਓ ਅਹਿਮਦਗੜ੍ਹ ਡਾ. ਰਾਜੇਸ਼ ਗਰਗ  ਅਤੇ ਸਬੰਧਿਤ ਸਟਾਫ਼ ਨੂੰ ਵਧਾਈ  ਦਿੱਤੀ ਤੇ ਕਿਹਾ ਕਿ ਹਸਪਤਾਲਾਂ ਵਿੱਚ ਵੀ ਆਉਂਦੇ ਲੋੜਵੰਦਾਂ ਦੀ ਪਹਿਲ ਦੇ ਆਧਾਰ ਤੇ ਮਦਦ ਕਰਨ ਨੂੰ ਯਕੀਨੀ ਬਣਾਉਣ ਅਤੇ ਸਰਕਾਰ ਵਲੋਂ ਚਲਾਇਆ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਉਨ੍ਹਾਂ ਨੂੰ ਜ਼ਰੂਰ ਜਾਗਰੂਕ ਕਰਨ । ਇਸ ਮੌਕੇ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਗੱਜਣਮਾਜਰਾ ਨੇ ਇਸ ਮੌਕੇ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ  ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਉੱਚ ਪੱਧਰ ਦੀਆਂ ਮੈਡੀਕਲ ਸਹੂਲਤਾਂ ਦਿਵਾਉਣ ਲਈ ਉਚੇਚੇ ਯਤਨ ਕਰਨਗੇ। ਇਸ ਮੌਕੇ ਜ਼ਿਲ੍ਹਾ ਬਲੱਡ ਬੈਂਕ ਮਾਲੇਰਕੋਟਲਾ ਵਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ । ਜਿਸ ਵਿਚ ਮੰਡੀ ਅਹਿਮਦਗੜ੍ਹ ਦੇ ਖ਼ੂਨਦਾਨੀਆਂ ਨੇ ਵੱਧ ਚੜ ਕੇ ਖ਼ੂਨਦਾਨ ਕੀਤਾ।

ਸਬ ਡਵੀਜ਼ਨ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਮੇਲੇ ਕਰਵਾਏ ਜਾਣਾ ਬਹੁਤ ਵਧੀਆ ਉੱਦਮ ਹੈ ਜਿਸ ਵਿੱਚ ਇਲਾਕੇ ਦੇ ਲੋਕ ਸਿਹਤ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀ ਜਾਂਚ ਕਰਵਾ ਸਕਦੇ ਹਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਮੁਫ਼ਤ ਇਲਾਜਾਂ ਕਰਵਾ ਸਕਦੇ ਹਨ । ਇਸ ਮੌਕੇ ਸਿਹਤ ਬਲਾਕ ਫ਼ਤਿਹਗੜ੍ਹ ਪੰਜਗਰਾਈਆਂ ਦੇ ਆਈ.ਈ.ਸੀ ਨੋਡਲ ਅਧਿਕਾਰੀ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ  ਇਸ ਸਿਹਤ ਮੇਲੇ ਵਿੱਚ ਕਰੀਬ ਚਾਰ ਸੌ ਤੋਂ ਵਧੇਰੇ ਲੋਕਾਂ ਨੇ ਮੈਡੀਕਲ ਕੈਂਪ ਦਾ ਲਾਹਾ ਲਿਆ ।ਇਸ ਸਿਹਤ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਜਿਸ ਵਿੱਚ  ਸੀਐਚਓ ਵੱਲੋਂ ਟੈਲੀ ਕੰਸਲਟੈਂਸੀ, ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰ ਸਾਹਿਬਾਨ ਵੱਲੋਂ ਸਰੀਰ ਦੇ ਵੱਖ-ਵੱਖ ਰੋਗਾਂ ਨਾਲ ਸਬੰਧਿਤ ਸਿਹਤ ਜਾਂਚ, ਖ਼ੂਨਦਾਨ ਕੈਂਪ,ਪੋਸਟਰ ਮੇਕਿੰਗ ਮੁਕਾਬਲਾ, ਵੱਖ-ਵੱਖ ਸੰਚਾਰੀ ਅਤੇ ਗੈਰ ਸੰਚਾਰੀ ਰੋਗਾਂ ਤੋਂ ਬਚਾਓ ਅਤੇ ਇਲਾਜ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ, ਮਲੇਰੀਆ ਅਤੇ ਡੇਂਗੂ ਦੇ ਸ਼ੱਕੀ ਰੋਗਾਂ ਦੇ ਖ਼ੂਨ ਦੀ ਜਾਂਚ  ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਡਾ. ਰੀਤੂ ਸੇਠੀ ਮੈਡੀਕਲ ਅਫ਼ਸਰ ਕੁਠਾਲਾ, ਬਹੁਮੰਤਵੀ ਸਿਹਤ ਨਿਰੀਖਕ ਹਰਮਿੰਦਰ ਸਿੰਘ, ਰਣਜੀਤ ਕੌਰ, ਬਲਾਕ  ਅਕਾਊਂਟੈਂਟ ਜ਼ੁਲਫ਼ਿਕਾਰ ਅਲੀ ਖ਼ਾਨ, ਬੀ.ਐਸ.ਏ ਮਨਦੀਪ ਸਿੰਘ, ਬਹੁਮੰਤਵੀ ਸਿਹਤ ਕਰਮਚਾਰੀ ਇਜਾਜ਼ ਅਲੀ, ਮਨਦੀਪ ਸਿੰਘ, ਗੁਰਮੇਲ ਸਿੰਘ, ਜਸਬੀਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਕੌਰ, ਬਲਜਿੰਦਰ ਕੌਰ, ਰਜਨੀਕਬਾਲਾ, ਨਸੀਮ ਅਖ਼ਤਰੀ, ਗੁਰਦੀਪ ਕੌਰ, ਨਰਿੰਦਰ ਕੌਰ, ਨਜ਼ਮਾਂ, ਸੁਖਵੰਤ ਕੌਰ ਅਤੇ ਸਮੁਦਾਇਕ ਸਿਹਤ ਅਫ਼ਸਰਾਂ ਬਿਕਰਮ ਕੌੜਾ, ਅਮਨਦੀਪ ਕੌਰ, ਮਮਤਾ ਵੀ ਮੌਜੂਦ ਸਨ ।