ਧਰਨਾ 26ਵੇਂ ਦਿਨ 'ਚ ਦਾਖਲ਼
ਜਗਰਾਉਂ 17 ਅਪ੍ਰੈਲ (ਮਨਜਿੰਦਰ ਗਿੱਲ) ਪਿੰਡ ਰਸੂਲਪੁਰ ਦੇ ਇਕ ਪਰਿਵਾਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਜਿੰਮਨੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਜ 26ਵੇਂ ਦਿਨ ਵੀ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੇ ਇਕੱਠੇ ਹੋ ਕੇ ਸਿਟੀ ਥਾਣੇ ਮੂਹਰੇ ਧਰਨਾ ਦਿੱਤਾ। ਅੱਜ ਦੇ ਧਰਨੇ ਵਿੱਚ ਹਾਜ਼ਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਸੁਧਾਰ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ ਤੇ ਅੈਸਆਈ ਰਾਜਵੀਰ ਅਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਬੇ ਦੱਸਿਆ ਕਿ ਅਣਮਨੁੱਖੀ ਤਸੀਹਿਆਂ ਕਾਰਨ ਮਾਰੀ ਜਾ ਚੁੱਕੀ ਨੌਜਵਾਨ ਧੀ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ ਅੱਜ ਲਗਾਤਾਰ 19ਵੇਂ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਰਹੇ। ਉਨ੍ਹਾਂ ਦੱਸਿਆ ਕਿ ਮਾਤਾ ਜੀ ਚੜ੍ਹਦੀਕਲਾ ਵਿੱਚ ਹਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਦ੍ਰਿੜ ਇਰਾਦੇ ਨਾਲ ਸੰਘਰਸ਼ ਕਰਨ ਲਈ ਬਜ਼ਿਦ ਹਨ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਪੀੜ੍ਹਤ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਦੋਸ਼ੀ ਗੁਰਿੰਦਰ ਬੱਲ ਤੇ ਰਾਜਵੀਰ ਨੇ ਸਾਜਿਸ਼ ਤਹਿਤ ਨਾਂ ਸਿਰਫ਼ ਉਸ ਦੇ ਪਰਿਵਾਰ ਤੇ ਅੱਤਿਆਚਾਰ ਕੀਤੇ ਸਗੋਂ ਉਸ ਨੂੰ ਵੀ ਇਕ ਸਾਜਿਸ਼ ਤਹਿਤ ਹੀ ਝੂਠੇ ਕੇਸ ਵਿੱਚ ਫਸਾਇਆ ਸੀ। ਰਸੂਲਪੁਰ ਨੇ ਇਹ ਵੀ ਦੱਸਿਆ ਕਿ ਦੋਵੇਂ ਦੋਸ਼ੀਆਂ ਨੇ ਸਾਜਿਸ਼ ਤਹਿਤ ਹੀ ਫਰਜ਼ੀ ਰਿਕਾਰਡ ਤਿਆਰ ਕਰਦਿਆਂ ਮੇਰੇ ਘਰ ਰਸੂਲਪੁਰ ਵਿੱਚ ਫਰਜ਼ੀ ਰੇਡਾਂ ਮਾਰੀਆਂ ਦਿਖਾਈਆਂ ਗਈਆਂ। ਰਸੂਲਪੁਰ ਅਨੁਸਾਰ ਆਰਟੀਆਈ 'ਚ ਰਿਕਾਰਡ ਮੰਗਣ ਤੇ ਸਾਰਾ ਰਿਕਾਰਡ ਫਰਜ਼ੀ ਨਿਕਲਿਆ ਫਿਰ ਗੁਰਿੰਦਰ ਬੱਲ ਨੇ ਹਲਫੀਆ ਬਿਆਨ ਰਾਹੀਂ ਮਾਫੀ ਵੀ ਮੰਗੀ ਸੀ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸਕੱਤਰ ਜਗਰੂਪ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ, ਅਵਤਾਰ ਸਿੰਘ ਠੇਕੇਦਾਰ, ਇੰਜ਼ੀ. ਦਰਸ਼ਨ ਸਿੰਘ ਧਾਲੀਵਾਲ, ਹਰਜੀਤ ਕੌਰ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।