ਲੰਡਨ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਬਰਤਾਨੀਆ ਦੀ ਸਭ ਤੋਂ ਸੀਨੀਅਰ ਭਾਰਤੀ ਮੂਲ ਦੀ ਮਹਿਲਾ ਪੁਲੀਸ ਅਫਸਰ ਨੇ ਸਕਾਟਲੈਂਡ ਯਾਰਡ (ਯੂਕੇ ਪੁਲੀਸ) ਖ਼ਿਲਾਫ਼ ਨਸਲੀ ਅਤੇ ਲਿੰਗ ਵਿਤਕਰੇ ਦੇ ਦੋਸ਼ ਲਾਉਂਦਿਆਂ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ ਹੈ।
ਮੈਟਰੋਪੌਲੀਟਿਨ ਪੁਲੀਸ ਵਿੱਚ ਆਰਜ਼ੀ ਚੀਫ ਸੁਪਰਡੈਂਟ ਪਰਮ ਸੰਧੂ (54) ਦਾ ਦਾਅਵਾ ਹੈ ਕਿ ਉਸ ਨੂੰ ਕੰਮ ਦੌਰਾਨ ਨਸਲੀ ਅਤੇ ਲਿੰਗ ਵਿਤਕਰੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ ਤਰੱਕੀਆਂ ਅਤੇ ਅੱਗੇ ਵਧਣ ਦੇ ਮੌਕੇ ਨਹੀਂ ਦਿੱਤੇ ਗਏ। ਇਸ ਕੇਸ ਦੀ ਪਹਿਲੀ ਸੁਣਵਾਈ ਅਗਲੇ ਹਫ਼ਤੇ ਰੁਜ਼ਗਾਰ ਟ੍ਰਿਬਿਊਨਲ ਵਿੱਚ ਹੋਵੇਗੀ। ਮੈਟਰੋਪੌਲੀਟਿਨ ਪੁਲੀਸ ਨੇ ਬਿਆਨ ਰਾਹੀਂ ਕਿਹਾ, ‘‘ਕੇਸ ਦੇ ਸ਼ੁਰੂਆਤੀ ਦੌਰ ਵਿੱਚ ਇਸ ਦਾਅਵੇ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।’’ ਪਰਮ ਸਿੰਧੂ ਨੂੰ ਮੈਟਰੋਪੌਲੀਟਿਨ ਬਲੈਕ ਪੁਲੀਸ ਐਸੋਸੀਏਸ਼ਨ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਭਾਈਚਾਰੇ ਦੀਆਂ ਸੀਨੀਅਰ ਮਹਿਲਾ ਅਫਸਰਾਂ ਦੀ ਘਾਟ ਕਾਰਨ ਚਿੰਤਤ ਹਨ। ਮਹਿਲਾ ਪੁਲੀਸ ਅਫਸਰ ਨੇ ਉਸ ਖ਼ਿਲਾਫ਼ ਚੱਲ ਰਹੀ ਮੈਟਰੋਪੌਲੀਟਿਨ ਪੁਲੀਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਉਸ ’ਤੇ ਦੋਸ਼ ਲੱਗੇ ਸਨ ਕਿ ਉਸ ਨੇ ਕੁਈਨਜ਼ ਪੁਲੀਸ ਮੈਡਲ ਦੀ ਨਾਮਜ਼ਦਗੀ ਲਈ ਆਪਣੇ ਸਾਥੀਆਂ ਨੂੰ ਉਸ ਦੀ ਮਦਦ ਕਰਨ ਲਈ ਪ੍ਰੇਰਿਆ ਸੀ। ਜਾਂਚ ਦੌਰਾਨ ਉਸ ਦੀ ਡਿਊਟੀ ’ਤੇ ਵੀ ਕੁਝ ਪਾਬੰਦੀਆਂ ਲਾਈਆਂ ਗਈਆਂ ਸਨ। ਜਾਂਚ ਦੌਰਾਨ ਦੋਸ਼ ਸਾਬਤ ਨਾ ਹੋਣ ਕਾਰਨ ਸੰਧੂ ਤੋਂ ਡਿਊਟੀ ’ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਬੀਬੀਸੀ ਅਨੁਸਾਰ ਡਰਬੀਸ਼ਾਇਰ ਪੁਲੀਸ ਦੇ ਸਾਬਕਾ ਮੁੱਖ ਕਾਂਸਟੇਬਲ ਮਿੱਕ ਕਰੀਡਨ ਨੇ ਉਸ ਨੂੰ ਕਾਨੂੰਨੀ ਕਾਰਵਾਈ ਵਿੱਚ ਸਾਥ ਦੇਣ ਦੀ ਪੇਸ਼ਕਸ਼ ਕੀਤੀ ਹੈ