You are here

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮਾਤਾ ਨੇ 17ਵੇਂ ਦਿਨ ਵੀ ਰੱਖੀ  ਭੁੱਖ ਹੜਤਾਲ

ਜਨਤਕ ਜੱਥੇਬੰਦੀਆਂ ਦਾ ਧਰਨਾ 23ਵੇਂ ਦਿਨ ਵੀ ਜਾਰੀ ਰਿਹਾ
ਦੋਸ਼ੀ ਖੁੱਲ੍ਹੇ ਫਿਰਦੇ ਨੇ ਤੇ ਨਿਰਦੋਸ਼ ਜੇਲ਼ਾਂ ਕੱਟਦੇ ਨੇ - ਆਗੂ
ਜਗਰਾਉਂ 15 ਅਪ੍ਰੈਲ ( ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ ) ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਥੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ 17ਵੇਂ ਦਿਨ ਵੀ ਥਾਣੇ ਮੂਹਰੇ ਭੁੱਖ ਹੜਤਾਲ ਰੱਖੀ, ਉਥੇ ਜਨਤਕ ਜੱਥੇਬੰਦੀਆਂ ਦੀ ਅਗਵਾਈ "ਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੇ 23ਵੇਂ ਦਿਨ ਵੀ ਧਰਨਾ ਦਿੱਤਾ ਅਤੇ ਰੋਸ ਰੈਲ਼ੀ ਕੀਤੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਯੂਥ ਵਿੰਗ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਅੱਜ ਦੇ ਧਰਨੇ ਤੋਂ ਪਹਿਲਾਂ ਸਾਰੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਚੱਲ ਰਹੇ ਸੰਘਰਸ਼ ਸਬੰਧੀ ਅਗਲੀ ਰੂਪਰੇਖਾ ਲਈ ਇਕ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਅੱਜ ਦੇ ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਆਗੂ ਜਗਤ ਸਿੰਘ ਲੀਲਾਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਅਾਗੂ ਮਾਸਟਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਮੋਗਾ ਦੇ ਪ੍ਰਧਾਨ ਭਰਭੂਰ ਸਿੰਘ ਰਾਮਾ ਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਏਟਕ ਆਗੂ ਜਗਦੀਸ਼ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਆਦਿ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਕਿਹੋ ਜਿਹਾ ਸਿਸਟਮ ਹੈ, ਜਿਥੇ ਦੋਸ਼ੀ ਖੁਲ੍ਹੇ ਫਿਰਦੇ ਨੇ ਅਤੇ ਨਿਰਦੋਸ਼ ਜੇਲ਼ਾਂ ਭੁਗਤਦੇ ਨੇ? ਅੈਸੇ ਪ੍ਰਬੰਧ ਤੇ ਲਾਹਣਤ ਹੈ। ਉਨ੍ਹਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਅਹਿਦ ਵੀ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਮੀਟਿੰਗ ਅਤੇ ਧਰਨੇ ਵਿੱਚ ਉਕਤ ਤੋਂ ਬਿਨਾਂ ਕੁੰਡਾ ਸਿੰਘ ਕਾਉਂਕੇ, ਜਿੰਦਰ ਸਿੰਘ ਮਾਣੂੰਕੇ, ਬਲਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ ਲੀਲ੍ਹਾ, ਸਰਵਿੰਦਰ ਸਿੰਘ ਸੁਧਾਰ, ਸ਼ਿੰਦਰ ਸਿੰਘ ਕੁਲ਼ਾਰ, ਰੂਪ ਸਿੰਘ ਝੋਰੜਾਂ, ਗੁਰਚਰਨ ਸਿੰਘ ਬਾਬੇ ਕਾ, ਬਖਤਾਵਰ ਸਿੰਘ ਜਗਰਾਉਂ, ਬਲਦੇਵ ਸਿੰਘ ਜਗਰਾਉਂ ਆਦਿ ਹਾਜ਼ਰ ਸਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਦੋਸ਼ੀ ਗੁਰਿੰਦਰ ਬੱਲ ਤੇ ਰਾਜਵੀਰ ਨੇ 22 ਜੁਲਾਈ ਵਿੱਚ ਮੇਰੀ ਗ੍ਰਿਫਤਾਰੀ ਦਿਖਾ ਕੇ ਕਰੀਬ 10 ਸਾਲ ਝੂਠਾ ਕੇਸ ਅਦਾਲਤ ਵਿੱਚ ਚਲਾਇਆ ਜਦ ਕਿ ਮੈਂ 21 ਜੁਲਾਈ ਨੂੰ ਹੀ ਥਾਣੇ ਵਿੱਚ ਬੰਦ ਸੀ ਅਤੇ ਅਦਾਲਤ ਨੇ ਬਰੀ ਕਰਦਿਆਂ ਇਸ ਕੇਸ ਨੂੰ ਪੁਲਿਸ ਦੁਆਰਾ ਬਣਾਈ ਇਕ ਕਹਾਣੀ ਕਾਰਾਰ ਦਿੱਤਾ ਸੀ।