ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਜਲਦ ਰਿਪੋਰਟ ਪੇਸ਼ ਕਰਨ ਬਾਰੇ ਕਿਹਾ
ਕਿਹਾ! ਸੜਕ ਹਾਦਸੇ ਘਟਾਉਣ ਲਈ ਲਾਵਾਰਿਸ ਗਊ ਧੰਨ ਨੂੰ ਸੰਭਾਲਣਾ ਜ਼ਰੂਰੀ
ਮੋਗਾ 12 ਅਪਰੈਲ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀਆਂ ਗਊਸ਼ਾਲਾਵਾਂ ਦੀ ਕਾਰਜਕੁਸ਼ਲਤਾ ਬਾਰੇ ਜ਼ਮੀਨੀ ਪੱਧਰ ਉੱਤੇ ਪੜ੍ਹਤਾਲ ਕਰਨ। ਇਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਪਸ਼ੂ ਪਾਲਣ ਵਿਭਾਗ ਦੀ ਕਾਰਗੁਜ਼ਾਰੀ ਦੀ ਮਹੀਨਾਵਾਰ ਸਮੀਖਿਆ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਵੀਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਸਰਕਾਰੀ ਗਊਸ਼ਾਲਾ ਕਿਸ਼ਨਪੁਰਾ ਕਲਾਂ ਸਮੇਤ 39 ਗਊਸ਼ਾਲਾਵਾਂ ਚੱਲ ਰਹੀਆਂ ਹਨ। ਜਿਹਨਾਂ ਵਿੱਚ 14 ਹਜ਼ਾਰ ਤੋਂ ਵਧੇਰੇ ਗਊਆਂ ਨੂੰ ਸੰਭਾਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਵੀਨ ਕੌਰ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਗਊਸ਼ਾਲਾਵਾਂ ਦੀ ਕਾਰਜਕੁਸ਼ਲਤਾ ਦੀ ਜ਼ਮੀਨੀ ਪੱਧਰ ਉੱਤੇ ਤੁਰੰਤ ਪੜ੍ਹਤਾਲ ਕਰਾਉਣ। ਕੁੱਲ ਗਊ ਧੰਨ ਦੀ ਗਿਣਤੀ ਵੀ ਸਪੱਸ਼ਟ ਕਰਨ ਬਾਰੇ ਕਿਹਾ ਗਿਆ। ਇਹ ਵੀ ਪਤਾ ਕੀਤਾ ਜਾਵੇ ਕਿ ਗਊਸਾਲਾਵਾਂ ਕੋਲ ਕਿੰਨਾ ਕਿ ਬੁਨਿਆਦੀ ਢਾਂਚਾ ਹੈ। ਉਹਨਾਂ ਕਿਹਾ ਕਿ ਉਹ ਖੁਦ ਵੀ ਜਲਦੀ ਹੀ ਕੁਝ ਗਊਸ਼ਾਲਾਵਾਂ ਦਾ ਨਿਰੀਖਣ ਕਰਨਗੇ।
ਉਹਨਾਂ ਡਿਪਟੀ ਡਾਇਰੈਕਟਰ ਨੂੰ ਕਿਹਾ ਕਿ ਗਊਸਾਲਾਵਾਂ ਵਿੱਚ ਗਊਆਂ ਦੇ ਟੀਕਾਕਰਨ ਅਤੇ ਲੋੜੀਂਦੇ ਇਲਾਜ਼ ਦਾ ਪੂਰਾ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਲਾਵਾਰਿਸ ਘੁੰਮਣ ਨਾਲ ਜਿੱਥੇ ਗਊ ਧੰਨ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਸੜਕ ਹਾਦਸੇ ਵੀ ਹੁੰਦੇ ਹਨ। ਸੜਕ ਹਾਦਸੇ ਘਟਾਉਣ ਲਈ ਲਾਵਾਰਿਸ ਗਊ ਧੰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਕਿਹਾ ਕਿ ਜਿਹੜੀਆਂ ਗਊਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਲਵਾਰਿਸ ਨਾ ਛੱਡਿਆ ਜਾਵੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਊਆਂ ਦੀ ਸੰਭਾਲ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।