ਖਰੀਦ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੈਲਪਲਾਈਨ ਨੰਬਰ ਜਾਰੀ
-ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ, ਹੁਣ ਤੱਕ 170 ਮੀਟ੍ਰਿਕ ਟਨ ਕਣਕ ਮੰਡੀਆਂ ’ਚ ਪੁੱਜੀ
-ਕਿਸਾਨਾਂ ਨੂੰ ਫ਼ਸਲ ਸੁਕਾ ਕੇ ਹੀ ਮੰਡੀਆਂ ’ਚ ਲਿਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 11 ਅਪ੍ਰੈਲ : (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਬੰਧਤ ਵਿਭਾਗਾਂ ਵਲੋਂ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿਚੋਂ ਕਣਕ ਦਾ ਇੱਕ -ਇੱਕ ਦਾਣਾ ਚੁੱਕਣ ਲਈ ਗੰਭੀਰ ਹੈ, ਇਸ ਲਈ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਖਰੀਦ ਦੌਰਾਨ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਨਾਲ ਸਬੰਧਤ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਸਾਨ 90410-72304 ਨੰਬਰ ’ਤੇ ਆਪਣੀ ਸਮੱਸਿਆ ਤੋਂ ਜਾਣੂੰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੋਬਾਇਲ ਨੰਬਰ ’ਤੇ ਵਟਸਅੱਪ ਦੀ ਸਹੂਲਤ ਵੀ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜ਼ਿਲ੍ਹੇ ਵਿੱਚ ਲੋੜੀਂਦਾ ਬਾਰਦਾਨਾ ਉਪਲਬੱਧ ਹੈ। ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਤੋਂ ਲੈ ਕੇ ਸਾਫ਼-ਸਫ਼ਾਈ ਅਤੇ ਆਰਜੀ ਟੁਆਇਲਟਸ ਆਦਿ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ੍ਹਾਂ ਖਰੀਦ ਏਜੰਸੀਆਂ ਨੂੰ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ, ਇਸ ਲਈ ਅਗੇਤੇ ਪ੍ਰਬੰਧ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਜਿਥੇ ਨਿਰਵਿਘਨ ਕਣਕ ਦੀ ਖਰੀਦ ਦੀ ਵਚਨਬੱਧਤਾ ਦੁਹਰਾਈ, ਉਥੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿਚ ਕਣਕ ਦੀ ਫ਼ਸਲ ਸੁਕਾ ਕੇ ਹੀ ਲਿਆਂਦੀ ਜਾਵੇ, ਤਾਂ ਜੋ ਖਰੀਦ ਦੌਰਾਨ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਮੀ ਦੀ ਮਾਤਰਾ ਵੀ ਨਿਰਧਾਰਤ ਕੀਤੀ ਗਈ ਹੈ, ਇਸ ਲਈ ਵੱਧ ਨਮੀ ਵਾਲੀ ਕਣਕ ਮੰਡੀਆਂ ਵਿੱਚ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੁੱਲ 64 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਸ ਸਾਲ ਮੰਡੀਆਂ ਵਿਚ 3,75,687 ਮੀਟ੍ਰਿਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ ਹੈ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ 170 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿਚੋਂ 128 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਥੇ ਲਿਫਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਕਰੀਬ 11 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰਹਿੰਦ-ਖੂੰਹਦ ਨੂੰ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਜ਼ਮੀਨ ਵਿਚ ਹੀ ਦਬਾਇਆ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਸ਼ਿਵ ਰਾਜ ਸਿੰਘ ਬੱਲ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਕੰਵਲਜੀਤ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਦਸੂਹਾ ਸ੍ਰੀ ਰਣਦੀਪ ਸਿੰਘ ਹੀਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀਮਤੀ ਰੇਨੂ ਬਾਲਾ ਵਰਮਾ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਰਜਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਜਿਲ੍ਹਾ ਮੈਨੇਜਰ ਹਾਜ਼ਰ ਸਨ।