ਲੁਧਿਆਣਾ, 09 ਅਪ੍ਰੈਲ (ਰਣਜੀਤ ਸਿੱਧਵਾਂ) - ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਸੂਬੇ ਦੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਬਿਜਾਈ ਲਈ ਰਵਾਇਤੀ ਢੰਗ ਨਾਲ ਬਿਜਾਈ ਕਰਨ ਦੀ ਬਜਾਏ ਵੱਟਾਂ ਪਾ ਕੇ ਸਿੱਧੀ ਬਿਜਾਈ ਵਾਲੀ ਤਕਨੀਕ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਲੱਖਾਂ ਲੀਟਰ ਪਾਣੀ ਦੀ ਬੱਚਤ ਹੋਵੇਗੀ, ਸਗੋਂ ਝਾੜ ਵਧਾਉਣ ਅਤੇ ਲਾਗਤ ਖਰਚੇ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਇਹ ਗੱਲ ਉਨ੍ਹਾਂ ਅੱਜ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਫ਼ਤਰ ਵਿੱਚ ਲਗਾਏ ਗਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਐਵਾਰਡੀ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਜੋ ਪਿਛਲੇ ਸਾਲਾਂ ਤੋਂ ਇਸ ਤਕਨੀਕ ਦੀ ਸਫਲਤਾਪੂਰਵਕ ਵਰਤੋਂ ਕਰ ਰਹੇ ਹਨ, ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪਟਿਆਲਾ ਡਵੀਜ਼ਨ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਸੁਰਜੀਤ ਸਿੰਘ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ਨੇ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਪਾਣੀ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਬਚਾਉਣ ਦੇ ਸਾਧਨ ਅਤੇ ਤਰੀਕੇ ਦੱਸੇ। ਸੁਰਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਹੋਣ ਦੇ ਨਾਤੇ ਅਜਿਹੀਆਂ ਖੇਤੀ ਤਕਨੀਕਾਂ ਦਾ ਸਹਾਰਾ ਲੈ ਰਿਹਾ ਹੈ ਜਿਸ ਨਾਲ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਬੱਚਤ ਹੁੰਦੀ ਹੈ। ਸ੍ਰੀ ਗੈਂਦ ਨੇ ਦੱਸਿਆ ਕਿ ਕਿਸਾਨ ਸੁਰਜੀਤ ਸਿੰਘ ਨੇ ਸਿੱਧੀ ਬਿਜਾਈ ਦਾ ਸੰਕਲਪ ਲਿਆ ਹੈ ਜਿਸਦੇ ਤਹਿਤ ਖੇਤਾਂ ਵਿੱਚ ਪਾਣੀ ਖੜ੍ਹਾ ਕੀਤੇ ਬਿਨਾਂ ਝੋਨੇ ਦੀ ਸਿੱਧੀ ਬਿਜਾਈ ਖੇਤਾਂ ਵਿੱਚ ਕੀਤੀ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਇਹ ਤਕਨੀਕ ਝੋਨੇ ਦੀ ਕਾਸ਼ਤ ਲਈ ਲੋੜੀਂਦੇ ਪਾਣੀ ਦੀ ਮਾਤਰਾ ਨੂੰ ਮਹੱਤਵਪੂਰਣ ਰੂਪ ਵਿੱਚ ਘਟਾਉਂਦੀ ਹੈ ਅਤੇ ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਪ੍ਰਥਾਵਾਂ ਨੂੰ ਵੀ ਖਤਮ ਕਰਦੀ ਹੈ, ਇਸ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਸਮਾਗਮ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਦੀ ਵੀਡੀਓ ਵੀ ਦਿਖਾਈ ਗਈ। ਡਿਵੀਜ਼ਨਲ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਾਂਹਵਧੂ ਕਿਸਾਨਾਂ ਵੱਲੋਂ ਅਪਣਾਏ ਗਏ ਇਨ-ਸੀਟੂ ਪ੍ਰਬੰਧਨ ਅਭਿਆਸਾਂ ਨੂੰ ਪਟਿਆਲਾ ਡਵੀਜ਼ਨ ਅਧੀਨ ਆਉਂਦੇ ਸਾਰੇ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਵਿੱਚ ਵੱਡੀਆਂ ਡਿਸਪਲੇ ਸਕਰੀਨਾਂ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਇਨ੍ਹਾਂ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਦਾ ਉਦੇਸ਼ ਕਿਸਾਨਾਂ ਨੂੰ ਅਗਾਂਹਵਧੂ ਕਿਸਾਨਾਂ ਦੇ ਮਾਰਗ 'ਤੇ ਚੱਲਣ ਲਈ ਜਾਗਰੂਕ ਕਰਨਾ ਹੈ, ਜਿਸ ਨਾਲ ਪਾਣੀ ਦੀ ਸੰਭਾਲ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਸੂਬੇ ਵਿੱਚ ਮੌਜੂਦਾ ਪਾਣੀ ਦੇ ਪੱਧਰ 'ਤੇ ਚਾਨਣਾ ਪਾਉਂਦਿਆਂ ਸ੍ਰੀ ਗੈਂਦ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਸਬੰਧ ਵਿੱਚ ਰਾਜ ਦੇ ਕਈ ਵਿਕਾਸ ਬਲਾਕਾਂ ਨੂੰ ਡਾਰਕ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਲਈ ਇਨ੍ਹਾਂ ਅਭਿਆਸਾਂ ਰਾਹੀਂ ਪਾਣੀ ਦੀ ਸੰਭਾਲ ਵੱਲ ਗੰਭੀਰਤਾ ਨਾਲ ਕਦਮ ਚੁੱਕਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਸੁਰਜੀਤ ਸਿੰਘ ਸਾਧੂਗੜ੍ਹ ਵਰਗੇ ਕਿਸਾਨਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜੋ ਉੱਨਤ ਖੇਤੀ ਵਿਧੀਆਂ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਪਾਣੀ ਦੀ ਸੰਭਾਲ ਲਈ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਸਮੂਹ ਕਿਸਾਨ ਭਾਈਚਾਰੇ ਨੂੰ ਅੱਗੇ ਆਉਣ ਅਤੇ ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਆਪਕ ਜਾਗਰੂਕਤਾ ਮੁਹਿੰਮਾਂ ਰਾਹੀਂ ਕਿਸਾਨਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ। ਜਾਗਰੂਕਤਾ ਕੈਂਪ ਦਾ ਦੌਰਾ ਕਰਦਿਆਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਖੁਲਾਸਾ ਕੀਤਾ ਕਿ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਿੱਚ ਸਹਾਈ ਹੋਣ ਵਾਲੀਆਂ ਖੇਤੀ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਅਤੇ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਭਲਾਈ ਅਤੇ ਕੁਦਰਤੀ ਸੋਮਿਆਂ ਨੂੰ ਸੰਵਾਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੇਲੇ ਦਾ ਆਯੋਜਨ ਕਿਸਾਨਾਂ ਨੂੰ ਸਿੱਧੀ ਬਿਜਾਈ ਅਤੇ ਖਾਸ ਕਰਕੇ ਝੋਨੇ ਦੀ ਪਨੀਰੀ ਨੂੰ ਖੇਤਾਂ ਵਿੱਚ ਵਾਹੁਦਿਆਂ ਦੀ ਬਿਜਾਈ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਵਚਨਬੱਧ ਟੀਮ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ। ਕਿਸਾਨ ਸੁਰਜੀਤ ਸਿੰਘ ਅਤੇ ਉਸਦੇ ਸਪੁੱਤਰ ਅਮਰਿੰਦਰ ਸਿੰਘ ਨੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਇਸ ਤਕਨੀਕ ਨਾਲ ਝਾੜ ਵਧਾਉਣ ਦੀ ਗਾਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਕਨੀਕ ਇੱਕ ਬੇਹੱਦ ਲਾਹੇਵੰਦ ਹੈ ਜੋ ਪਾਣੀ ਦੀ ਖਪਤ ਅਤੇ ਲਾਗਤ ਖਰਚਿਆਂ ਨੂੰ ਘਟਾਏਗੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਸਹਾਈ ਹੋਵੇਗੀ।