You are here

ਜ਼ਿਲ੍ਹਾ ਮਾਲੇਰਕੋਟਲਾ 'ਚ ਸਪੋਰਟਸ ਪਨੀਰੀ ਤਿਆਰ ਕਰਨ ਲਈ ਜ਼ਿਲ੍ਹਾ ਸਪੋਰਟਸ ਪਲਾਨ ਤਿਆਰ  : ਮਾਧਵੀ ਕਟਾਰੀਆ

ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਵਿਰਾਸਤੀ ਖੇਡਾਂ ਨਾਲ ਜੋੜਨ ਲਈ  ਜ਼ਿਲ੍ਹਾ ਸਪੋਰਟਸ ਪਲਾਨ ਤਿਆਰ : ਮਾਧਵੀ ਕਟਾਰੀਆ

ਜ਼ਿਲ੍ਹਾ ਸਪੋਰਟਸ ਪਲਾਨ ਵਿੱਦਿਅਕ ਸੈਸ਼ਨ 2022-23 ਤੋਂ ਸ਼ੁਰੂ

ਮਾਲੇਰਕੋਟਲਾ 06 ਮਾਰਚ  (ਰਣਜੀਤ ਸਿੱਧਵਾਂ)   :   ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਵਿਰਾਸਤੀ ਖੇਡਾਂ ਨਾਲ ਜੋੜਨ ਦਾ ਨਵੇਕਲਾ ਉਪਰਾਲਾ ਆਉਂਦੇ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਕਰਨ ਲਈ ਜ਼ਿਲ੍ਹੇ ਦਾ ਸਪੋਰਟਸ ਪਲਾਨ  ਉਲੀਕਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਅੱਜ ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਸਪੋਰਟਸ ਪਲਾਨ ਲਾਂਚ ਕਰਦਿਆ ਕੀਤੇ । ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ, ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਜਸਬੀਰ ਸਿੰਘ, ਐਸ.ਡੀ.ਐਮ.ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਸ਼ਰਮਾ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਜ਼ਿਲ੍ਹਾ ਸਪੋਰਟਸ ਪਲਾਨ ਡਾ. ਬਲਵੰਤ ਸਿੰਘ ( ਸਪੋਰਟਸ ਇੰਚਾਰਜ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਵਾਰਾ )  ਦੀ ਪੀ.ਐਚ ਡੀ. ਡਿਗਰੀ ਦੌਰਾਨ ਕੀਤੀ ਖੋਜ ਤੇ ਅਧਾਰ ਹੈ ਜੋ ਕਿ ਸਪੋਰਟਸ ਸਾਇੰਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਮਾਹਿਰਾਂ ਦੀ ਮਦਦ ਨਾਲ ਉਲੀਕਿਆ ਗਿਆ ਹੈ । ਡਾ. ਬਲਵੰਤ ਸਿੰਘ ਜੀ ਨੂੰ ਇਸ ਪ੍ਰੋਗਰਾਮ ਦਾ ਜ਼ਿਲ੍ਹਾ ਸਪੋਰਟਸ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਪਲਾਨ ਨੂੰ ਅਮਲੀ ਰੂਪ ਵਿੱਚ ਲਿਆਂਦਾ ਜਾਵੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਪੋਰਟਸ ਪਲਾਨ ਨੂੰ ਉਲੀਕਣ ਦਾ ਮਕਸਦ ਵਿਦਿਆਰਥੀਆਂ ਨੂੰ ਖੇਡ ਸਰਗਰਮੀਆਂ ਰਾਹੀਂ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜਨਾ, ਸਰੀਰਕ ਵਿਕਾਸ, ਮਾਨਸਿਕ ਵਿਕਾਸ ਕਰਨਾ ਅਤੇ ਦੇਸ਼ ਨੂੰ ਤੰਦਰੁਸਤ ਨੌਜਵਾਨ ਪੀੜ੍ਹੀ ਪ੍ਰਦਾਨ ਕਰਨਾ ਹੈ। ਇਸ ਲਈ  ਖੇਡਾਂ ਨੂੰ ਯੋਜਨਾਬੱਧ ਤਰੀਕੇ ਨਾਲ ਉਤਸ਼ਾਹਿਤ ਕਰਨ ਦੀ ਫ਼ੌਰੀ ਲੋੜ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਠੋਸ ਖੇਡ ਦਾ ਮਾਹੌਲ ਸਿਰਜ ਕੇ ਸਪੋਰਟਸ ਪਨੀਰੀ ਪੈਦਾ ਕਰਨ ਲਈ ਪ੍ਰਾਇਮਰੀ ਪੱਧਰ ਦੇ ਬੱਚਿਆਂ ਤੇ ਲੋਕ ਖੇਡਾਂ ( ਪੀਚੋ , ਕੋਟਲ਼ਾ ਛਪਾਕੀ, ਪਿੱਠੂ ਗਰਮ, ਰੱਸੀ ਟੱਪਣਾ, ਰੁਮਾਲ ਚੁੱਕਣਾ, ਬਾਂਦਰ ਕੀਲਾ, ਰੱਸਾ ਖਿੱਚਣਾ ) ਦੁਆਰਾ ਵਧੀਆ ਢੰਗ ਨਾਲ ਕੰਮ ਕਰਾਂਗੇ ਜੋ ਕਿ ਦੋ-ਤਿੰਨ ਸਾਲ ਦੀ ਪ੍ਰਕਿਰਿਆ ਹੈ ਜਿਸ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਖੇਡ ਖੇਤਰ ਵਿੱਚ ਉਸਾਰੂ ਨਤੀਜੇ ਆਉਣਗੇ । ਇਸ ਯੋਜਨਾ  ਤਹਿਤ ਹਰ ਬੱਚਾ ਪੜ੍ਹਨ ਲਿਖਣ ਦੇ ਨਾਲ ਨਾਲ ਖੇਡਾਂ ਨਾਲ ਮੁੱਢ ਤੋਂ ਜੁੜੇਗਾ ਜਿਸ ਨਾਲ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਹੋਵੇਗਾ । ਛੋਟੇ ਬੱਚਿਆ ਦੇ ਗੁਣਾ ਦੀ ਪਹਿਚਾਣ ਕਰਕੇ ਢੁਕਵੀਂ ਖੇਡ ਵੱਲ ਉਤਸ਼ਾਹਿਤ ਕਰਕੇ ਬੱਚੇ ਨੂੰ ਉੱਚ ਪੱਧਰ ਦੀ  ਸਿਖਲਾਈ ਦਵਾਈ ਜਾਵੇਗੀ ਤਾਂ ਜੋ ਉਹ ਅੱਗੇ ਵੱਧ ਕੇ ਨਾਮਵਰ ਖਿਡਾਰੀ ਬਣ ਸਕੇ । ਦੇਸ਼ ਦਾ ਨਾਮ ਨਾਲ ਨਾਲ ਆਪਣੇ ਰਾਜ, ਸ਼ਹਿਰ,ਕੋਚ,ਮਾਪਿਆ ਦਾ ਨਾਮ ਉੱਚਾ ਕਰ ਸਕੇ । ਜ਼ਿਲ੍ਹੇ ਦੀ ਖੇਡ ਨੀਤੀ ਤਿਆਰ ਕਰਨ ਦਾ ਮਕਸਦ ਕੇਵਲ ਜ਼ਿਲ੍ਹੇ ਦੇ ਬੱਚਿਆਂ ਨੂੰ ਸ਼ੁਰੂ ਤੋਂ ਖੇਡਾਂ ਨਾਲ ਜੋੜ ਕੇ ਚੰਗੇ ਖਿਡਾਰੀ ਪੈਦਾ ਕਰਨਾ,ਹਰੇਕ ਵਿਦਿਆਰਥੀ ਦੀ ਮਨੋਵ੍ਰਿਤੀ ਅਨੁਸਾਰ ਕਿਸੇ ਇੱਕ ਖੇਡ ਦੀ ਨਿਸ਼ਾਨਦੇਹੀ ਕਰਨਾ, ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਮਾਹਰਾਂ ਰਾਹੀਂ ਸਿੱਖਿਅਤ ਕਰਨਾ,ਅਧਿਆਪਕਾਂ ਨੂੰ ਖੇਡ ਵਿਧੀਆਂ ਦੀ ਸਿਖਲਾਈ ਦੇਣਾ। ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਖੇਡ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ, ਸਕੂਲ ਪੱਧਰ ‘ਤੇ ਹੀ ਬੱਚਿਆਂ ਨੂੰ ਖੇਡਾਂ ਨਾਲ ਜੋੜਦਿਆਂ ਚੰਗੇ ਖਿਡਾਰੀ ਪੈਦਾ ਕਰਨਾ,ਮਨੋਰੰਜਨ ਕਿਰਿਆਵਾਂ/ ਲੋਕ ਖੇਡਾਂ ਰਾਹੀਂ ਬੱਚਿਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ, ਖੇਡਾਂ ‘ਚ ਨਿਯਮਬੰਧਤਾਂ ਤੇ ਪਾਰਦਰਸ਼ਤਾ ਲਿਆਉਣੀ, ਖੇਡ ਸੱਭਿਆਚਾਰ ਪੈਦਾ ਕਰਨਾ, ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਕੇ ਸਰਵ-ਪੱਖੀ ਵਿਕਾਸ ਕਰਨਾ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਵੇਰ ਦੀ ਸਭਾ ਦੀ ਵਿਦਿਆਰਥੀ ਜੀਵਨ ਦੌਰਾਨ ਬਹੁਤ ਅਹਿਮੀਅਤ ਹੈ। ਇਸ ਨੀਤੀ ਅਨੁਸਾਰ ਸਵੇਰ ਦੀ ਸਭਾ ਸਹੀ ਉਪਯੋਗ ਕਰਕੇ ਵਿਦਿਆਰਥੀਆਂ ਨੂੰ ਹਰ-ਪੱਖੋਂ ਤੰਦਰੁਸਤੀ ਅਤੇ ਤਾਜ਼ਗੀ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾਣਗੇ ਇਸ ਨੀਤੀ ਅਨੁਸਾਰ ਸਵੇਰ ਦੀ ਸਭਾ ਵਿੱਚ ਬਾਕੀ ਗਤੀਵਿਧੀਆਂ ਦੇ ਨਾਲ ਯੋਗਾ, ਮਾਸ ਪੀ.ਟੀ  ਆਦਿ ਕਰਵਾਏ ਜਾਣਗੇ । ਇਸ ਨੀਤੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ, ਬਲਾਕ, ਜ਼ਿਲ੍ਹਾ ਪੱਧਰ ਤੇ ਵੱਖ ਵੱਖ ਲੈਵਲ ਦੀਆਂ ਕਮੇਟੀਆਂ ਦਾ ਗਠਨ ਕਰਕੇ ਜ਼ਿਲ੍ਹੇ ਵਿਚ ਨਵੇਕਲਾ ਸਪੋਰਟਸ ਦਾ ਮਾਹੌਲ ਸਿਰਜਿਆ ਜਾਵੇਗਾ । ਜਲਦ ਹੀ ਜ਼ਿਲ੍ਹੇ ਵਿੱਚ ਰਿਹਾਇਸ਼ੀ ਸਪੋਰਟਸ ਵਿੰਗ ਦੀ ਸਥਾਪਨਾ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਰਾਸ਼ਟਰੀ, ਅੰਤਰ ਰਾਸ਼ਟਰੀ ਦੇ ਖਿਡਾਰੀ ਮਾਲੇਰਕੋਟਲਾ ਦੀ ਧਰਤੀ ਤੋਂ ਪੈਦਾ ਕੀਤੇ ਜਾ ਸਕਣ ।