ਸ੍ਰੀ ਆਨੰਦਪੁਰ ਸਾਹਿਬ, ਜੁਲਾਈ 2019 ਅੰਮ੍ਰਿਤਸਰ ਵਿਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਪ੍ਰਚਾਰਨ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ, ਪਰ ਤਖ਼ਤ ਸਾਹਿਬਾਨ ਜਾਂ ਫਿਰ ਦੁਆਬਾ ਅਤੇ ਮਾਲਵਾ ਜ਼ੋਨ ਦੀਆਂ ਪੰਥਕ ਗਤੀਵਿਧੀਆਂ ਨੂੰ ਪ੍ਰਚਾਰਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਡੀ ਹੀ ਹੈ, ਜਿਸ ਦਾ ਮੁੱਖ ਕਾਰਨ ਜ਼ੋਨ ਪੱਧਰ ਦੇ ਦਫ਼ਤਰਾਂ ’ਚ ਸ਼੍ਰੋਮਣੀ ਕਮੇਟੀ ਦੇ ਕੋਲ ਲੋਕ ਸੰਪਰਕ ਅਫ਼ਸਰ ਦਾ ਨਾ ਹੋਣਾ ਹੈ।
ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਾਅਵੇ ਆਮ ਤੌਰ ’ਤੇ ਕੀਤੇ ਜਾਂਦੇ ਹਨ ਕਿ ਅਤਿ ਆਧੁਨਿਕ ਸਾਧਨਾਂ ਨੂੰ ਅਪਣਾ ਕੇ ਉਹ ਬਾਕੀ ਧਾਰਮਿਕ ਜਥੇਬੰਦੀਆਂ ਵਾਂਗ ਵਿਸ਼ਵ ਪੱਧਰ ਤੱਕ ਸਿੱਖ ਕੌਮ ਦੀ ਵਿਚਾਰਧਾਰਾ, ਕੌਮ ਦੇ ਪ੍ਰਚਾਰ ਤੇ ਪਾਸਾਰ ਲਈ ਯਤਨਸ਼ੀਲ ਹੈ, ਪਰ ਦੂਸਰੇ ਪਾਸੇ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਗੁਰਦੁਆਰਾ ਸਹਿਬਾਨ ਜਾਂ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਪਟਿਆਲਾ, ਲੁਧਿਆਣਾ, ਰੂਪਨਗਰ, ਜਲੰਧਰ, ਸੁਲਤਾਨਪੁਰ ਲੋਧੀ, ਚੰਡੀਗੜ੍ਹ ਆਦਿ ਵਿਚ ਸਥਿਤ ਗੁਰਦੁਆਰਿਆਂ ਵਿਚ ਵੀ ਕੋਈ ਲੋਕ ਸੰਪਰਕ ਅਫ਼ਸਰ ਹੋਣਾ ਤਾਂ ਦੂਰ ਦੀ ਗੱਲ, ਸਗੋਂ ਤਖ਼ਤ ਕੇਸਗੜ੍ਹ ਸਾਹਿਬ ਤੇ ਤਖ਼ਤ ਦਮਦਮਾ ਸਾਹਿਬ ਵਰਗੇ ਦੁਆਬਾ ਤੇ ਮਾਲਵਾ ਜ਼ੋਨ ਦੇ ਹੈੱਡਕੁਆਰਟਰਾਂ ’ਤੇ ਵੀ ਕੋਈ ਲੋਕ ਸੰਪਰਕ ਅਫ਼ਸਰ ਨਹੀਂ ਹੈ।
ਗੱਲਾਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰਾਂ ਨਾਲ ਮੁਕਾਬਲੇ ਦੀਆਂ ਕੀਤੀਆਂ ਜਾਂਦੀਆਂ ਹਨ, ਪਰ ਸਰਕਾਰ ਵਾਂਗ ਤਹਿਸੀਲ ਹੈੱਡਕੁਆਰਟਰਾਂ ਦੀ ਥਾਂ ਜ਼ਿਲ੍ਹਾ ਹੈੱਡਕੁਆਰਟਰਾਂ ਜਾਂ ਵੱਡੇ ਗੁਰਦੁਆਰਿਆਂ ਵਿਚ ਵੀ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਲੋਕ ਸੰਪਰਕ ਅਫ਼ਸਰ ਨਹੀਂ ਹਨ। ਬੇਸ਼ੱਕ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਨ ਤੋਂ ਬਾਅਦ ਸੂਬੇ ਅੰਦਰ ਮਾਝਾ, ਮਾਲਵਾ ਤੇ ਦੁਆਬਾ ਜ਼ੋਨ ਬਣਾ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਗੰਭੀਰ ਮੁਹਿੰਮ ਵਿੱਢੀ ਸੀ ਪਰ ਇਹ ਮੁਹਿੰਮ ਕਿਤੇ ਨਾ ਕਿਤੇ ਸਾਧਨਾਂ ਦੀ ਕਮੀ ਕਾਰਨ ਮੱਠੀ ਹੋ ਗਈ ਜਾਪਦੀ ਹੈ। ਜਦਕਿ ਕੋਈ ਯੋਗ, ਪੜਿ੍ਹਆ ਲਿਖਿਆ, ਕਾਬਲ ਤੇ ਤਜ਼ੁਰਬੇਕਾਰ ਲੋਕ ਸੰਪਰਕ ਅਫ਼ਸਰ ਹੈੱਡਕੁਆਰਟਰਾਂ ’ਤੇ ਤਾਇਨਾਤ ਨਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਗੁਰਦੁਆਰਿਆਂ ਦੀ ਚਾਰਦੀਵਾਰੀ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਸ ਲਈ ਲੋੜ ਹੈ ਕਿ ਬਕਾਇਦਾ ਤੌਰ ’ਤੇ ਇਸ ਪਾਸੇ ਵੱਲ ਧਿਆਨ ਦੇ ਕੇ ਨਿਰਧਾਰਿਤ ਵਿੱਦਿਅਕ ਯੋਗਤਾ ਤੇ ਤਜ਼ੁਰਬੇਕਾਰ ਲੋਕ ਸੰਪਰਕ ਅਫ਼ਸਰਾਂ ਦੀ ਚੋਣ ਕੀਤੀ ਜਾਵੇ।