You are here

ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦੀ ਹਾਰਟ ਅਟੈਕ ਨਾਲ ਹੋਈ ਮੌਤ  

ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦਾ 52 ਸਾਲ ਦੀ ਉਮਰ 'ਚ ਦੇਹਾਂਤ

ਦੁਨੀਆਂ ਦੇ ਮਹਾਨ ਸਪਿੰਨਰ ਨੇ ਆਖ਼ਰੀ ਸਮੇਂ ਥਾਈਲੈਂਡ ਵਿਚ ਲਏ ਆਪਣੇ ਆਖਰੀ ਸਾਹ  
ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਸ਼ੇਨ  ਵਾਰਨ  ਨੇ ਆਪਣੇ ਟਵੀਟ ਉੱਪਰ ਆਸਟਰੇਲੀਅਨ ਵਿਕਟਕੀਪਰ ਰੋਡਨੀ ਮਾਰਸ਼ ਦੀ ਮੌਤ ਤੇ ਕੀਤਾ ਸੀ ਅਫ਼ਸੋਸ ਪ੍ਰਗਟ

ਮੈਲਬੌਰਨ , (ਜਨ ਸ਼ਕਤੀ ਨਿਊਜ਼ ਬਿਊਰੋ ) ਸਪਿੰਨ ਗੇਂਦਬਾਜ਼ੀ ਨੂੰ ਨਵੀਂ ਪਰਿਭਾਸ਼ਾ ਦੇਣ ਵਾਲੇ ਆਸਟ੍ਰੇਲੀਆ ਦੇ ਮਹਾਨ ਸਪਿੰਨਰ ਸ਼ੇਨ ਵਾਰਨ ਦਾ ਥਾਈਲੈਂਡ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 52 ਸਾਲ ਦੇ ਸਨ। ਉਨ੍ਹਾਂ ਦੇ ਮੈਨੇਜਰ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਫਾਕਸ ਸਪੋਰਟਸ ਡਾਟ ਕਾਮ ਡਾਟ ਏਯੂ ਮੁਤਾਬਕ ਵਾਰਨ ਦੇ ਮੈਨੇਜਰ ਨੇ ਇਕ ਸੰਖੇਪ ਬਿਆਨ ਜਾਰੀ ਕੀਤਾ ਹੈ ਕਿ ਵਾਰਨ ਦਾ ਥਾਈਲੈਂਡ ਵਿਚ ਦੇਹਾਂਤ ਹੋ ਗਿਆ ਤੇ ਇਸ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਕਿ ਸ਼ੇਨ ਆਪਣੇ ਘਰ ਵਿਚ ਬੇਹੋਸ਼ ਪਾਏ ਗਏ। ਮੈਡੀਕਲ ਸਟਾਫ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੇ ਪਰਿਵਾਰ ਨੇ ਇਸ ਮੌਕੇ 'ਤੇ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਮਾਂ ਆਉਣ 'ਤੇ ਅੱਗੇ ਵੇਰਵਾ ਦਿੱਤਾ ਜਾਵੇਗਾ। ਸ਼ੇਨ ਵਾਰਨ ਨੇ ਜਨਵਰੀ 1992 ਵਿਚ ਆਸਟ੍ਰੇਲੀਆ ਲਈ ਸ਼ੁਰੂਆਤ ਕੀਤੀ ਤੇ ਜਨਵਰੀ 2007 ਵਿਚ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡਿਆ। ਉਨ੍ਹਾਂ ਨੇ 145 ਟੈਸਟ ਮੈਚ ਖੇਡੇ ਤੇ 708 ਵਿਕਟਾਂ ਲਈਆਂ। ਉਹ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਨੇ 194 ਵਨ ਡੇ ਵਿਚ 293 ਵਿਕਟਾਂ ਵੀ ਲਈਆਂ। ਸ਼ੇਨ ਵਾਰਨ ਆਈਪੀਐੱਲ ਦੇ ਪਹਿਲੇ ਸੈਸ਼ਨ ਵਿਚ 2008 ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸਨ ਤੇ ਉਨ੍ਹਾਂ ਦੀ ਕਪਤਾਨੀ ਵਿਚ ਟੀਮ ਨੇ ਖ਼ਿਤਾਬ ਜਿੱਤਿਆ ਸੀ।

ਮਾਰਸ਼ ਨੂੰ ਦਿੱਤੀ ਸੀ ਸ਼ਰਧਾਂਜਲੀ

ਇੱਤਫਾਕ ਨਾਲ ਸ਼ੇਨ ਵਾਰਨ ਦੇ ਦੇਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਆਸਟ੍ਰੇਲੀਆ ਦੇ ਦਿਗੱਜ ਵਿਕਟਕੀਪਰ ਰਾਡ ਮਾਰਸ਼ ਦਾ ਵੀ ਦੇਹਾਂਤ ਹੋ ਗਿਆ ਸੀ। ਮਾਰਸ਼ ਦੇ ਦੇਹਾਂਤ 'ਤੇ ਵਾਰਨ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਤਦ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਵਾਰਨ ਦਾ ਆਖ਼ਰੀ ਟਵੀਟ ਸਾਬਤ ਹੋਵੇਗਾ।