You are here
ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ ।
ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।।
ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ ।
ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।।
ਈੜੀ: ਇੱਕ ਇੱਕ ਕਰਕੇ ਜਾਂਵਦੇ, ਟੁੱਟਦੇ ਰਿਸ਼ਤੇ ਸਾਰੇ।
ਬਿਪਤਾ ਪਵੇ ਜੇ ਆ ਸਿਰ ਉੱਤੇ, ਫਿਰਦੇ ਮਾਰੇ ਮਾਰੇ।।
ਸੱਸਾ:ਸੱਪ ਦੇ ਵਾਂਗ ਹੈ ਡੰਗਦੀ, ਵੇਖੋ ਮਾਇਆ ਰਾਣੀ।
ਇਸ ਸੰਸਾਰ ਦੇ ਅੰਦਰ ਇਹ, ਬਣ ਬੈਠੀ ਪਟਰਾਣੀ।।
ਹਾਹਾ:ਹੱਕ ਨਾ ਮਿਲਦਾ ਓਸ ਨੂੰ, ਜੋ ਵੀ ਹੈ ਹੱਕਦਾਰ।
ਜਰਵਾਣੇ ਲੁੱਟ ਪੁੱਟ ਕੇ, ਜਾਂਦੇ ਮਾਰ ਡਕਾਰ।।
ਕੱਕਾ: ਕਰਨੀ ਭਰਨੀ ਇਥੇ ਈ ਐ, ਅੱਗਾ ਵੇਖਿਆ ਕਿਸ?
ਔਲਾਦ ਨਹੀਂ ਜਿਸਦੀ ਕਹਿਣੇ ਚ, ਚੱਕੀ ਰਿਹਾ ਹੈ ਪਿਸ।।
ਖੱਖਾ:ਖਾਂਦੈ ਹੱਕ ਦੀ ਕਰਕੇ ਜੋ, ਦਸਾਂ ਨਹੁੰਆਂ ਦੀ ਕਾਰ।
ਓਹਦੀ ਸੁਣਦੈ ਦੋਸਤੋ, ਨੇੜੇ ਹੋ ਕਰਤਾਰ।।
ਗੱਗਾ: ਗੱਲ ਗੱਲ ਦੇ ਉੱਤੇ, ਅੜੀ ਪਗਾਉਂਦਾ ਜੋ।
ਨੱਕੋਂ ਬੁੱਲੋਂ ਸਭਨਾਂ ਦਿਓਂ, ਲਹਿ ਜਾਂਦਾ ਹੈ ਓਹ।।
ਘੱਗਾ:ਘਰ ਘਰ ਇੱਕੋ ਅੱਗ ਹੈ, ਕੋਠੇ ਚੜ੍ਹਕੇ ਵੇਖ।
ਬਚਾ ਲੈ ਸਾਨੂੰ ਮਾਲਕਾ, ਰੱਖੀ ਤੇਰੇ ਤੇ ਟੇਕ।।
(। ) ਇਹਦੇ ਵਾਂਗੂ ਖਾਲੀ ਰਹਿਣਾ, ਆਦਤ ਇਹੇ ਮਾੜੀ।
ਕੰਮ ਹੁੰਦਾ ਇਬਾਦਤ ਦੋਸਤੋ, ਕੰਮ ਨਾ ਰੱਖੋ ਆੜੀ।।
ਚੱਚਾ:ਚੋਰ ਉਚੱਕਾ ਚੌਧਰੀ, ਅੱਜਕਲ੍ਹ ਗੁੰਡੀ ਰੰਨ ਪ੍ਰਧਾਨ।
ਗੱਲੀਂ ਬਾਤੀਂ ਵੇਖਿਆ,ਟਾਕੀ ਲਾਉਣ ਅਸਮਾਨ।।
ਛੱਛਾ:ਛਲ ਕਪਟ ਦੇ ਨਾਲ ਦੋਸਤੋ, ਹੱਥ ਨੂੰ ਹੱਥ ਹੈ ਖਾਵੇ।
ਬੇਈਮਾਨੀ ਭ੍ਰਿਸ਼ਟਾਚਾਰੀ,ਦਿਨੋਂ ਦਿਨ ਵਧਦੀ ਜਾਵੇ।।
ਜੱਜਾ:ਜੋਰ ਨਾ ਚਲਦਾ ਕਿਧਰੇ ਵੀ, ਹੁਣ ਗਰੀਬ ਨਿਮਾਣੇ ਦਾ।
ਹੱਲ ਕੋਈ ਨਾ ਕਰਦਾ ਲੋਕੋ, ਉਲਝੇ ਹੋਏ ਤਾਣੇ ਦਾ।।
ਝੱਝਾ: ਝੁਕਣਾ ਸਿੱਖ ਲੈ ਬੰਦਿਆ, ਪੜ੍ਹ ਸੁਣ ਤੂੰ ਗੁਰਬਾਣੀ।
ਜੀਵਨ ਸਫ਼ਲ ਬਣਾ ਲੈ ਵੀਰਾ, ਕਮੀ ਕੋਈ ਨਾ ਆਣੀ।।
( )ਇਸ ਅੱਖਰ ਦੇ ਵਾਂਗੂੰ ਖਾਲੀ, ਰਹਿ ਨਾ ਜਾਇਓ ਯਾਰੋ।
ਕਰੋ ਭਲਾਈ ਨਾਮ ਜਪੋ ਤੇ,ਮੈਂ ਮੇਰੀ ਨੂੰ ਮਾਰੋ।।
ਟੈਂਕਾ:ਟੌਹਰ ਬੇਗਾਨੀ ਵੇਖ ਕੇ, ਭੁੱਲ ਨਾ ਜਾਇਓ ਔਕਾਤ।
ਰਜ਼ਾ ਚ ਰਾਜ਼ੀ ਰਹਿਣਾ ਸਿੱਖੀਏ, ਜੋ ਜ਼ਿੰਦਗੀ ਦੀ ਸੌਗਾਤ।।
ਠੱਠਾ:ਠਾਰ ਹੈ ਦਿੰਦੀ ਦਿਲਾਂ ਨੂੰ, ਬੋਲੋ ਮਿਠੜੀ ਬੋਲੀ।
ਐਸੇ ਬੋਲੋ ਬੋਲ ਜ਼ੁਬਾਨੋਂ, ਜਿਉਂ ਹੋਵੇ ਮਿਸ਼ਰੀ ਘੋਲੀ।।
ਡੱਡਾ: ਡੋਰਾਂ ਸੁੱਟ ਰੱਬ ਦੇ ਉੱਤੇ,ਓਹਦਾ ਬਣਕੇ ਬਹਿਜਾ।
ਛੱਡ ਕੇ ਚਿੰਤਾ ਝੋਰਾ ਸੱਜਣਾ, ਨੇਕੀ ਖੱਟ ਕੇ ਲੈ ਜਾ।।
ਢੱਡਾ:ਢੋਰ ਗਵਾਰਾਂ ਵਾਲੀ ਸੰਗਤ, ਵੀਰੋ ਕਦੇ ਨਾ ਕਰੀਏ।
ਚੱਲੀਏ ਸਦਾ ਸਚਾਈ ਉੱਤੇ, ਰੱਬ ਤੋਂ ਸਦਾ ਹੀ ਡਰੀਏ।।
ਣਾਣਾ:ਣਾਣੇ ਵਾਂਗੂੰ ਲੋੜ ਪੈਣ ਤੇ, ਵਰਤਣ ਵਾਲਿਓ ਯਾਰੋ।
ਗਰਜ਼ ਪੈਣ ਤੇ ਯਾਦ ਹੋਂ ਕਰਦੇ,ਕੁੱਝ ਤਾਂ ਸੋਚ ਵਿਚਾਰੋ?
ਤੱਤਾ: ਤੂੰ ਤੂੰ ਮੈਂ ਮੈਂ ਜਿਹੜੇ ਘਰ ਵਿੱਚ, ਨਿੱਤ ਈ ਹੁੰਦੀ ਰਹਿੰਦੀ।
ਨਰਕ ਦੇ ਵਾਂਗ ਜਿੰਦਗੀ ਲੰਘੇ, ਬਰਕਤ ਕਦੇ ਨਾ ਪੈਂਦੀ।।
ਥੱਥਾ: ਥੁੱਕ ਕੇ ਚੱਟਣ ਵਾਲਿਆਂ ਦੇ, ਲੱਗਿਓ ਨਾ ਕਦੇ ਨੇੜ।
ਪ੍ਰਛਾਵਾਂ ਓਹਨਾਂ ਦਾ ਪਵੇ ਨਾ, ਲਿਆ ਜੋ ਬੂਹਾ ਭੇੜ।।
ਦੱਦਾ: ਦੁੱਖ ਨਿਵਾਰੇ ਨਾਮ ਪ੍ਰਭੂ ਦਾ, ਉਸ ਨੂੰ ਜਪਦੇ ਰਹੀਏ।
ਹਰ ਗਰਜ਼ ਓਹ ਕਰਦੈ ਪੂਰੀ, ਨਿਸਚਿੰਤ ਹੋ ਕੇ ਕਹੀਏ।।
ਧੱਧਾ: ਧਰਮ ਨਾ ਕੋਈ ਵੀ ਮਾੜਾ ਵੀਰੋ, ਸੱਭ ਤੋਂ ਉੱਚਾ ਇਨਸਾਨ।
ਜਿਸ ਵਿੱਚ ਹੈ ਦਿਆ ਨਹੀਂ, ਪੁਰਖ ਓਹ ਸ਼ਮਸ਼ਾਨ।।
ਨੱਨਾ:ਨੋਕ ਝੋਕ ਜਿਸ ਘਰ ਵਿੱਚ ਹੋਊ, ਓਥੇ ਰਹੂ ਲੜਾਈ।
ਬਿਲਕੁਲ ਗੱਲ ਪਰਪੱਕ ਹੈ, ਹੋ ਨਾ ਸਕੇ ਸਮਾਈ।।
ਪੱਪਾ:ਪਾਪ ਪਖੰਡਾਂ ਵਿੱਚ ਨਾ ਫਸੀਏ, ਪੱਟਿਆ ਜਾਊ ਘਰਬਾਰ।
ਭਵਜਲ ਵਿੱਚੋਂ ਪਾਰ ਜੇ ਲੰਘਣਾ, ਨਾਮ ਇੱਕ ਹਥਿਆਰ।।
ਫੱਫਾ:ਫਫੇ ਕੁੱਟਣੀ ਦੁਨੀਆਂ ਕੋਲੋਂ, ਸੱਜਣਾ ਬਚਕੇ ਰਹਿ।
ਮਿੱਠੀਆਂ ਮਾਰ ਕੇ ਲੁਟੂਗੀ,ਬਿਲਕੁਲ ਗੱਲ ਇਹ ਤਹਿ।।
ਬੱਬਾ: ਬੰਦਿਆ ਬੰਦਗੀ ਕਰੇਂ ਜੇ, ਇੱਕ ਮਨ ਇੱਕ ਚਿੱਤ ਹੋਇ।
ਸੱਚ ਹਕੀਕਤ ਜਾਣ ਫਿਰ, ਦਰਗਹਿ ਮਿਲੂਗੀ ਢੋਇ।।
ਭੱਭਾ:ਭਰਮ ਭੁਲੇਖੇ ਪਾਉਂਦੇ ਅੱਜਕਲ੍ਹ, ਝੋਲੀ ਚੁੱਕ ਫਕੀਰ।
ਜੋ ਚੁੰਗਲ ਇਨ੍ਹਾਂ ਦੇ ਫਸ ਗਿਆ, ਮੰਗਣ ਲੱਗੂ ਅਖੀਰ।।
ਮੱਮਾ: ਮਾਇਆ ਨਾਗਣੀ ਭੈੜੀ,ਘਰਾਂ ਚ ਪਾਏ ਕਲੇਸ਼।
ਕੋਈ ਨਾ ਬਚਿਆ ਏਸ ਤੋਂ, ਸਾਧੂ ਸੰਤ ਦਰਵੇਸ਼।।
ਯੱਯਾ:ਯਾਰੀ ਤਦ ਹੀ ਨਿੱਭਦੀ, ਹਿੱਕ ਤਾਣ ਜੇ ਖੜ੍ਹੀਏ।
ਦਾਮਨ ਆਪਣਾ ਜੇ ਫੜਾਇਆ, ਅਗਲੇ ਦਾ ਵੀ ਫੜ੍ਹੀਏ।।
ਰਾਰਾ:ਰਾਮ ਈਸ਼ਵਰ ਅੱਲ੍ਹਾ ਵਾਹਿਗੁਰੂ, ਪੰਜਵਾਂ ਨਾਮ ਖ਼ੁਦਾ।
ਮਰਜ ਦਾ ਕਿਸੇ ਤੋਂ ਇਲਾਜ ਕਰਾਲੋ, ਇੱਕੋ ਦੇਣ ਦਵਾ।।
ਲੱਲਾ:ਲੋੜ ਪੈਣ ਤੇ ਗਧੇ ਨੂੰ ਬਾਪੂ,ਇਹ ਦੁਨੀਆਂ ਦੋਸਤੋ ਕਹਿੰਦੀ।
ਗਰਜ਼ ਜੇ ਹੋ ਜਾਏ ਪੂਰੀ ਤਾਂ ਫਿਰ, ਕਦੇ ਕੋਲ ਨਾ ਬਹਿੰਦੀ।।
ਵਾਵਾ: ਵੇਖਿਆ ਖੁਦ ਮੈਂ ਘੁੰਮ ਕੇ, ਹੈ ਸਾਰਾ ਸੰਸਾਰ।
ਬਲਖ ਬੁਖਾਰੇ ਸੁੱਖ ਨਾ,ਜੋ ਆਪਣੇ ਘਰ ਤੇ ਵਿੱਚ ਪਰਿਵਾਰ।।
ੜਾੜਾ:ੜਾੜਾ ਕਹੇ ਦੱਦਾਹੂਰੀਆ, ਮੈਂ ਵੀ ਰਿਹਾ ਕੁੱਝ ਕਹਿ।
ਪੈਂਤੀ ਵਿੱਚ ਸ਼ੁਮਾਰ ਹਾਂ ਮੈਂ ਵੀ, ਭਾਂਵੇਂ ਗਿਆ ਹਾਂ ਪਿੱਛੇ ਰਹਿ।।
(ਨੋਟ ਜੋ ਦੋ ਅੱਖਰ ਨਹੀਂ ਲਿਖੇ,ਓਹ ਮੋਬਾਇਲ ਦੀ ਪੈਂਤੀ ਵਿੱਚ ਨਹੀਂ ਮਿਲੇ ਜੀ ਇਸ ਲਈ ਖੇਦ ਹੈ)
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556