ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨ ਮਜ਼ਦੂਰ ਆਗੂਆਂ ਵੱਲੋਂ ਕਿਸਾਨਾਂ ਦੀ ਆਲੂਆਂ ਦੀ ਫਸਲ ਅਤੇ ਹੋਰ ਫ਼ਸਲਾਂ ਖ਼ਰਾਬ ਹੋਣ ਦਾ ਮੁਆਵਜ਼ਾ ਕਿਸਾਨ ਅੰਦੋਲਨ ਨਾਲ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਲਈ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਕੀਤੀ ਮੰਗ
ਜਗਰਾਉਂ,28 ਫ਼ਰਵਰੀ (ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਸਥਾਨਕ ਵਧੀਕ ਡਿਪਟੀ ਕਮਿਸ਼ਨਰ ਮੈਡਮ ਨਯਨ ਜੱਸਲ ਅਤੇ ਐਸ ਡੀ ਐਮ ਜਗਰਾਂਓ ਸ਼੍ਰੀ ਵਿਕਾਸ ਹੀਰਾ ਦੇ ਦਫਤਰਾਂ ਅਗੇਂ ਰੋਹ ਭਰਪੂਰ ਰੋਸ ਧਰਨੇ ਦੇ ਕੇ ਲਿਖਤੀ ਮੰਗ ਪੱਤਰ ਪੇਸ਼ ਕੀਤੇ ਗਏ। ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਦੀ ਅਗਵਾਈ ਚ ਦਿਤੇ ਇਨਾਂ ਧਰਨਿਆਂ ਰਾਹੀ ਦੋਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਬੀਤੇ ਦਿਨਾਂ ਚ ਇਲਾਕੇ ਭਰ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੇ ਖਰਾਬੇ ਦਾ ਮੁਆਵਜਾ ਪੀੜਤ ਕਿਸਾਨਾਂ ਨੂੰ ਜਲਦੀ ਦਿੱਤਾ ਜਾਵੇ। ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਵਿਸ਼ੇਸ਼ਕਰ ਜਗਰਾਂਓ ਵਾਸੀ ਗੁਰਪ੍ਰੀਤ ਸਿੰਘ ਦੇ ਦੁੱਖੀ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈਕ ਸਮੇਤ ਨੌਕਰੀ ਦਿੱਤੀ ਜਾਵੇ।ਇਸ ਸਮੇਂ ਪੇਸ਼ ਕੀਤੇ ਗਏ ਮੰਗ ਪੱਤਰ ਰਾਹੀਂ ਪ੍ਰਸਾਸ਼ਨ ਤੋਂ ਇਲਾਕੇ ਭਰ ਚ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਯੋਗ ਪ੍ਰਬੰਧ ਕੀਤੇ ਜਾਣਦੀ ਮੰਗ ਕੀਤੀ ਗਈ। ਮੰਗ ਪੱਤਰ ਚ ਦਰਜ ਕੀਤਾ ਗਿਆ ਕਿ ਲਾਵਾਰਿਸ ਪਸ਼ੂ ਪਿੰਡਾਂ ਚ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਅਤੇ ਸੜਕੀ ਹਾਦਸਿਆਂ ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨਾਂ ਮੰਗਾਂ ਦੀ ਪਹਿਲ ਦੇ ਆਧਾਰ ਤੇ ਪੂਰਤੀ ਨਾ ਹੋਣ ਦੀ ਸੂਰਤ ਚ ਇਨਾਂ ਅਧਿਕਾਰੀਆਂ ਦੇ ਦਫਤਰਾਂ ਅੱਗੇ ਪੱਕੇ ਧਰਨੇ ਲਗਾਏ ਜਾਣਗੇ।ਉਨਾਂ ਕਿਹਾ ਕਿ ਜਥੇਬੰਦੀ ਦੇ ਦਬਾਅ ਕਾਰਨ ਆਲੂਆਂ ਦੇ ਨੁਕਸਾਨ ਦੀ ਗਿਰਦਾਵਰੀ ਹੋ ਚੁੱਕੀ ਹੈ ਪਰ ਮੁਆਵਜੇ ਦੀ ਰਿਪੋਰਟ ਸਿਫਾਰਸ਼ ਸਹਿਤ ਸਬੰਧਤ ਅਧਿਕਾਰੀਆਂ ਨੂੰ ਅਜੇ ਤਕ ਨਹੀਂ ਭੇਜੀ ਗਈ।ਉਨਾਂ ਪੰਜਾਬ ਸਰਕਾਰ ਤੋਂ ਜਲਦੀ ਮੁਆਵਜਾ ਦਿਵਾਉਣ ਦੀ ਮੰਗ ਕੀਤੀ।ਸ਼ਹੀਦ ਪਰਿਵਾਰ ਮੰਗ ਪੁਰਤੀ ਨਾ ਹੋਣ ਕਾਰਨ ਬਿਲਕ ਰਹੇ ਹਨ। ਲਾਵਾਰਿਸ ਪਸ਼ੂਆਂ ਦੀ ਸੰਭਾਲ ਨੂੰ ਲੈ ਕੇ ਅਨੇਕਾਂ ਵਾਰ ਧਰਨੇ ਲਗਾਏ ਜਾ ਚੁੱਕੇ ਹਨ ਪਰ ਪਰਨਾਲਾ ਓਥੇ ਦਾ ਉਥੇ ਹੀ ਹੈ।ਅੱਜ ਦੇ ਇਸ ਧਰਨੇ ਚ ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ,ਧਰਮ ਸਿੰਘ ਸੂਜਾਪੁਰ, ਬਲਦੇਵ ਸਿੰਘ ਸੰਧੂ ਮਾਣੂਕੇ, ਠਾਣਾ ਸਿੰਘ ਸੂਜਾਪੁਰ, ਹਾਕਮ ਸਿੰਘ ਬਿੰਜਲ, ਦੇਵਿੰਦਰ ਸਿੰਘ ਗਾਲਬ , ਹਰਚੰਦ ਸਿੰਘ ਢੌਲਣ, ਹਰਬੰਸ ਸਿੰਘ ਬਾਰਦੇਕੇ, ਬਲਬੀਰ ਸਿੰਘ ਅਗਵਾੜ ਲੋਪੋ, ਜਗਜੀਤ ਸਿੰਘ ਕਲੇਰ, ਪਰਮਜੀਤ ਸਿੰਘ ਸੱਵਦੀ,ਜਗਦੀਪ ਸਿੰਘ ਕੋਠੇ ਖੰਜੂਰਾਂ, ਅਜਾਇਬ ਸਿੰਘ ਕੋਠੇ ਸ਼ੇਰਜੰਗ, ਮਦਨ ਸਿੰਘ ਆਦਿ ਹਾਜਰ ਸਨ।