You are here

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਲੁਧਿਆਣਾ ਮਾਰਗ ਉੱਪਰ ਰਾਏਕੋਟ ਵਿਖੇ ਦੋ ਘੰਟਿਆਂ ਲਈ ਚੱਕਾ ਜਾਮ  

ਕਿਸਾਨਾਂ ਦੇ ਹੋਏ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ  , ਪੰਜਾਬ ਅੰਦਰ ਸਕੂਲਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਤੇ ਹੋਰ ਕਈ ਮੁੱਦਿਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ  

ਰਾਏਕੋਟ, 07 ਫਰਵਰੀ  (ਗੁਰਸੇਵਕ ਸੋਹੀ )  ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ  ਬਰਨਾਲਾ-ਲੁੁਧਿਆਣਾ ਮਾਰਗ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁੁਰਾ ਦੀ ਅਗਵਾਈ 'ਚ ਦੋ ਘੰਟੇ ਲਈ ਟ੍ਰੈਫਿਕ ਜਾਮ ਕੀਤਾ ਗਿਆ। ਜਿੱਥੇ ਇਲਾਕੇ ਭਰ ਦੇ  ਪਿੰਡਾਂ 'ਚੋਂ ਪੁੱਜੇ ਸੈਂਕੜੇ ਕਿਸਾਨਾਂ, ਮਜਦੂਰ, ਬੱਚਿਆਂ, ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ 'ਚ ਭਾਗ ਲਿਆ ਉੱਥੇ ਇਸ ਸਮੇਂ ਇਕੱਤਰ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਹਰਬਖਸ਼ੀਸ਼ ਸਿੰਘ ਚੱਕ ਭਾਈਕਾ, ਬਲਾਕ ਸਕੱਤਰ ਤਾਰਾ ਸਿੰਘ ਅੱਚਰਵਾਲ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁੁਰਿੰਦਰ ਸ਼ਰਮਾ ਆਦਿ ਨੇ ਕਿਹਾ ਆਨਲਾਈਨ ਪੜ੍ਹਾਈ ਰਾਹੀਂ ਵਿਦਿਆਰਥੀਆਂ ਦੇ ਅਕਸ ਨੂੰ ਵਿਗਾੜਿਆ ਜਾ ਰਿਹਾ ਹੈ। ਦੇਸ਼ ਦੇ ਬਾਰਾਂ ਰਾਜਾਂ 'ਚ ਸਕੂਲ ਖੁੱਲ੍ਹ ਗਏ ਹਨ ਪਰ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਚੋਣਾਂ ਕਾਰਨ ਪਿੰਡਾਂ ਸ਼ਹਿਰਾਂ 'ਚ ਤਾਂ ਭਾਰੀ ਇਕੱਠ ਹੋ ਰਹੇ ਹਨ ਜਿਨ੍ਹਾਂ 'ਤੇ ਕੋਈ ਪਾਬੰਦੀ ਨਹੀਂ ਹੈ। ਇਸ ਸਮੇਂ ਬੁੁਲਾਰਿਆਂ ਨੇ ਪੰਜਾਬ ਭਰ 'ਚ ਸਰਕਾਰੀ ਤੇ ਨਿੱਜੀ ਸਕੂਲ ਤੁੁਰੰਤ ਖੋਲਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਕੂਲ ਨਹੀਂ ਖੋਲਦੀ ਤਾਂ ਹਰ ਹਾਲਤ 'ਚ ਜੱਥੇਬੰਦੀ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਖੁੁਦ ਸਕੂਲ ਚਲਾਉਣ ਲਈ ਮਜਬੂਰ ਹੋਵੇਗੀ। ਇਸ ਸਮੇਂ ਕਿਸਾਨਾਂ ਦੀ ਵੱਡੇ ਪੱਧਰ ਤੇ ਮੀਂਹ ਦੇ ਕਾਰਨ ਆਲੂ ਸਬਜ਼ੀਆਂ ਅਤੇ ਹੋਰ ਕਣਕ ਦੀ ਫਸਲ ਜੋ ਬਰਬਾਦ ਹੋ ਗਈ ਉਸਦੀ ਗਿਰਦਾਵਰੀ ਅਤੇ ਮੁਆਵਜ਼ੇ ਦੀ ਸਰਕਾਰ ਤੋਂ ਮੰਗ ਵੀ ਕੀਤੀ । ਇਸ ਸਮੇਂ ਅਜੈਬ ਸਿੰਘ ਰੂਪਾਪੱਤੀ, ਤਰਲੋਚਨ ਸਿੰਘ ਬਰਮੀ, ਅਮਰ ਸਿੰਘ ਤਲਵੰਡੀ, ਸਰਬਜੀਤ ਸਿੰਘ ਧੂਰਕੋਟ, ਸਾਧੂ ਸਿੰਘ ਚੱਕ ਭਾਈਕਾ, ਗੁੁਰਮੀਤ ਕੌਰ ਨੱਥੋਵਾਲ, ਸੁੁਖਦੇਵ ਸਿੰਘ ਕਾਲਸਾਂ, ਮਨਜਿੰਦਰ ਸਿੰਘ ਜੱਟਪੁੁਰਾ, ਕੁੁਲਦੀਪ ਸਿੰਘ ਜੌਹਲਾਂ, ਸ਼ਿਵਦੇਵ ਸਿੰਘ ਕਾਲਸਾਂ ਤੇ ਗੁੁਰਜੀਤ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।