ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)- ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ਤੇ ਟੋਲ ਪਲਾਜ਼ਾ ਚੌਂਕੀਮਾਨ ਵਿਖੇ "ਸਿੱਖਿਆ ਬਚਾਓ, ਰੁਜ਼ਗਾਰ ਬਚਾਓ" ਮਿਸ਼ਨ ਤਹਿਤ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਅਧਿਆਪਕ, ਡਰਾਈਵਰ, ਕੰਡਕਟਰ ਤੇ ਸਕੂਲਾਂ ਦੇ ਸਾਰੇ ਮੁਲਾਜ਼ਮ ਆਪਣੀ ਲੜਾਈ ਆਪ ਲੜਨ ਅਤੇ ਮਾਪਿਆਂ ਤੇ ਸਮਾਜ ਦਾ ਸਹਿਯੋਗ ਲੈਣ । ਇਸ ਮੌਕੇ ਗੱਲ ਕਰਦਿਆਂ ਸਕੂਲ ਪ੍ਰਤੀਨਿਧਾਂ ਨੇ ਕਿਹਾ ਕਿ ਕੋਰੋਨਾ ਦੀ ਆਡ਼ ਵਿੱਚ ਜਿਥੇ ਵਿਿਦਆਰਥੀਆਂ ਦੇ ਭਵਿੱਖ ਸਿੱਖਿਆ ਤੇ ਵਿੱਦਿਅਕ ਅਦਾਰਿਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਸੈਲਫ ਲਰਨਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਸਾਡੇ ਰੁਜ਼ਗਾਰ ਨੂੰ ਸਰਕਾਰ ਕੋਰੋਨਾ ਦੇ ਨਾਮ ਹੇਠ ਖੋਹ ਰਹੀ ਹੈ। ਵਰਕਰਾਂ ਨੇ ਕਿਹਾ ਕਿ ਜੇਕਰ ਸਕੂਲ ਨਹੀਂ ਖੁੱਲ੍ਹਣਗੇ ਤਾਂ ਅਸੀਂ ਵੋਟਾਂ ਵੀ ਨਹੀਂ ਪਾਵਾਂਗੇ। ਇਸ ਮੌਕੇ ਐੱਮਐੱਲਡੀ ਸਕੂਲ ਤਲਵੰਡੀ ਕਲਾਂ ਤੋਂ ਸ. ਤਾਰਾ ਸਿੰਘ, ਸਪਰਿੰਗ ਡਿਊ ਸਕੂਲ ਨਾਨਕਸਰ ਤੋਂ ਸ. ਗੁਰਚਰਨ ਸਿੰਘ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਤੋਂ ਸ. ਸਰਬਜੀਤ ਸਿੰਘ, ਤੇਜਸ ਪਬਲਿਕ ਸਕੂਲ ਸਿੱਧਵਾਂ ਖੁਰਦ ਤੋਂ ਸਰਦਾਰ ਬਸੰਤ ਸਿੰਘ ਬਲੌਜ਼ਮ ਕਾਨਵੈਂਟ ਸਕੂਲ ਲੀਲਾਂ ਮੇਘ ਸਿੰਘ ਤੋਂ ਸ. ਜਗਦੀਪ ਸਿੰਘ, ਨਿਊ ਪੰਜਾਬ ਪਬਲਿਕ ਸਕੂਲ ਜਗਰਾਉਂ ਤੋਂ ਸ. ਗੁਰਮੇਲ ਸਿੰਘ, ਜੀਐਚਜੀ ਅਕੈਡਮੀ ਜਗਰਾਉਂ ਤੋਂ ਸ. ਜਗਦੇਵ ਸਿੰਘ ਆਦਿ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਝੰਡੀਆਂ ਲੈ ਕੇ ਭਾਗ ਲਿਆ।