ਜਗਰਾਉਂ, 27 ਜਨਵਰੀ (ਬਲਦੇਵ / ਸੁਨੀਲ ਜਗਰਾਉਂ ) ਜਗਰਾਉਂ ਦੇ ਨਜ਼ਦੀਕ ਹੀ ਪਿੰਡ ਅਖਾੜੇ ਕੌਲ ਵਗਦੀ ਨਹਿਰ ਦੇ ਬਿਲਕੁਲ ਲਾਗੇ ਹਰ ਸਾਲ ਮਾਘ ਦੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੰਪਟ ਪਾਠ ਸਾਹਿਬ ਜੀ ਦੇ ਮਿਤੀ 8 ਜਨਵਰੀ ਤੋਂ ਪ੍ਰਕਾਸ਼ ਹੋ ਚੁੱਕੇ ਹਨ । ਇਸ ਸਮੇਂ ਅਖਾੜੇ ਵਾਲੀ ਨਹਿਰ ਦੇ ਕੋਲ ਚੱਲ ਰਹੇ ਸਮਾਗਮਾਂ ਚ ਸੰਗਤਾਂ ਦਾ ਹੜ੍ਹ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ । ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਇਸ ਸਥਾਨਾਂ ਉਪਰ ਹਾਜ਼ਰੀ ਭਰਦੀਆਂ ਹਨ। ਇਥੇ ਹਰ ਸਮੇਂ ਲੰਗਰ ਅਤੁੱਟ ਵਰਤਦਾ ਰਹਿੰਦਾ ਹੈ। ਪ੍ਰਸ਼ਾਦਿਆਂ ਨਾਲ ਤਿੰਨ ਤਿੰਨ ਦਾਲਾਂ ਸਬਜ਼ੀਆਂ ਮਿੱਠੇ ਚੌਲ ਖੀਰ ਆਦਿ ਹਰ ਸਮੇਂ ਸੰਗਤਾਂ ਲਈ ਵਰਤਾਏ ਜਾਂਦੇ ਹਨ । ਸਮਾਗਮਾਂ ਚ ਸੇਵਾਦਾਰ ਵੀਰ ਭੈਣਾਂ ਦਾ ਵੀ ਹੜ੍ਹ ਆਇਆ ਹੋਇਆ ਹੈ ਸੇਵਾਦਾਰ ਕਿਧਰੇ ਸਬਜ਼ੀਆਂ ਚੀਰਦੇ ਭਾਂਡੇ ਧੋਂਦੇ ਚਾਹ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਲੰਗਰ ਛਕਦੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਹਨ । ਕਈ ਦਹਾਕਿਆਂ ਤੋਂ ਲਗਾਤਾਰ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਰਵਾਹ ਮਾਘ ਦੇ ਮਹੀਨੇ ਇਸੇ ਤਰ੍ਹਾਂ ਚੱਲਦੇ ਹਨ । ਇਹ ਸਾਰਾ ਸਮਾਗਮ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਕੋਠੇ ਪੋਨੇ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਲਾਕਾ ਨਿਵਾਸੀ ਅਤੇ ਨੇੜਲੇ ਪਿੰਡਾਂ ਤੋਂ ਨੌਜਵਾਨ ਅਤੇ ਬੀਬੀਆਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਸਮੇਂ ਭਾਈ ਸਰਬਜੀਤ ਸਿੰਘ ਸਰਬਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਮਾਗਮ 13 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਚਲਦਾ ਰਹੇਗਾ ।