ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸ਼ੇਰਪੁਰ ਖੁਰਦ, ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਜਗਰਾਉਂ, 25 ਜਨਵਰੀ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸ਼ੇਰਪੁਰ ਖੁਰਦ ਵਲੋਂ ਸਮੁੱਚੀ ਪੰਚਾਇਤ, ਗੁਰਦੂਆਰਾ ਕਮੇਟੀ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਵਿਸ਼ੇਸ਼ ਤੋਰ ਤੇ ਪੁੱਜੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਇਸ ਸਮੇਂ ਭਾਰੀ ਗਿਣਤੀ ਚ ਇਕੱਤਰ ਪਿੰਡ ਵਾਸੀਆਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਪਿੰਡ ਵਾਸੀਆਂ ਵਲੋ ਇਸ ਅੰਦੋਲਨ ਵਿੱਚ ਪਾਏ ਯੋਗਦਾਨ ਲਈ ਕੋਟਿਨ ਕੋਟ ਧੰਨਵਾਦ ਕੀਤਾ। ਓਨਾਂ ਕਿਹਾ ਕਿ ਇਸ ਇਤਿਹਾਸਕ ਕਰਵਟ ਨੇ ਪੰਜਾਬੀਆਂ ਬਾਰੇ ਸੰਸਾਰ ਭਰ ਚ ਪਰਚਾਰੇ ਜਾਂਦੇ ਸਾਰੇ ਭੁਲੇਖੇ ਦੂਰ ਕਰ ਦਿਤੇ ਹਨ।ਪੰਜਾਬੀਆਂ ਨੇ ਭਾਵੇਂ ਲਗਭਗ ਪੋਣੀ ਸਦੀ ਲੁਟੇਰੇ ਹਾਕਮਾਂ ਖਿਲਾਫ ਡੰਡੇ ਚ ਝੰਡਾ ਪਾਇਆ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਪੂਰਨ ਵਿਸ਼ਵਾਸ ਹੈ ਕਿ ਦੇਸ਼ ਦੇ ਕਿਸਾਨਾਂ ਨੇ ਇਸ ਅੰਦੋਲਨ ਚ ਜਿਥੇ ਅਪਣੇ ਦੁਸ਼ਮਣ ਦੀ ਪਛਾਣ ਕਰ ਲਈ ਹੈ ਅਤੇ ਅਸਲ ਮੁਕਤੀ ਦਾ ਰਾਹ ਵੀ ਲਭ ਲਿਆ ਹੈ । ਹੁਣ ਇਨਾਂ ਵਿਧਾਨ ਸਭਾ ਚੋਣਾਂ ਚ ਮੋਰਚੇ ਦੀ ਏਕਤਾ ਨੂੰ ਧੜੇਬੰਦੀ ਤੋਂ ਉਪਰ ਉਠ ਕੇ ਬਚਾਉਣ ਦੀ ਵੱਡੀ ਚੁਣੋਤੀ ਸਾਰੀਆਂ ਲੋਕ ਪੱਖੀ ਸ਼ਕਤੀਆਂ ਲਈ ਦਰਪੇਸ਼ ਹੈ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਦੇ ਕਿਰਤੀਆਂ ਨੇ ਸਾਮਰਾਜੀ ਕਾਰਪੋਰੇਟ ਪੱਖੀ ਨੀਤੀਆਂ ਨੂੰ ਭਾਂਜ ਦਿੰਦਿਆਂ 750 ਕੁਰਬਾਨੀਆਂ ਦਿੱਤੀਆਂ ਹਨ।ਸਾਮਰਾਜੀ ਸੰਸਥਾਂ ਚੋਂ ਦੇਸ਼ ਨੂੰ ਬਾਹਰ ਕਢਵਾ ਕੇ ਹੀ ਖੇਤੀ ਨੂੰ ਅਸਲ ਅਰਥਾਂ ਚ ਬਚਾਇਆ ਜਾ ਸਕਦਾ ਹੈ।ਉਨਾਂ ਸਾਮਰਾਜੀ ਨੀਤੀਆਂ ਜਿਵੇਂ ਨਿਜੀਕਰਨ,ਵਿਸ਼ਵੀਕਰਨ ਅਤੇ ਖੁਲੀ ਮੰਡੀ ਦੀਆਂ ਨੀਤੀਆਂ ਨੂੰ ਹਰਾ ਕੇ ਹੀ ਅਸਲ ਲੋਕ ਮੁੱਦਿਆਂ ਦਾ ਹਲ ਲਭਿਆ ਜਾ ਸਕਦਾ ਹੈ। ਇਸ ਸਮੇ ਬਲਾਕ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਸਾਲ ਭਰ ਸਾਥੀ ਬਲੋਰ ਸਿੰਘ ਇਕਾਈ ਮੀਤਪ੍ਰਧਾਨ ਵਲੋ ਟੀਕਰੀ ਬਾਰਡਰ ਤੇ ਸੰਘਰਸ਼ ਚ ਸ਼ਾਮਿਲ ਰਹਿ ਕੇ ਪਿੰਡ ਦੇ ਨਾਮ ਨੂੰ ਰੋਸ਼ਨ ਕੀਤਾ ਹੈ।ਇਸ ਸਮੇਂ ਸ਼ੰਘਰਸ਼ ਚ ਸ਼ਾਮਲ ਸਾਰੀਆਂ ਸਖਸ਼ੀਅਤਾਂ ਅਤੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲਾ ਦੇ ਪਿਤਾ ਜੀ ਪਵਿੱਤਰ ਸਿੰਘ ਲੋਧੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ ਭਮਾਲ, ਪ੍ਰਵਾਰ ਸਿੰਘ ਗਾਲਬ, ਜਗਤ ਸਿੰਘ ਲੀਲਾਂ ,ਦਰਸ਼ਨ ਸਿੰਘ ਗਾਲਬ, ਸੁਖਵਿੰਦਰ ਸਿੰਘ ਜਗਰਾਂਓ ਆਦਿ ਹਾਜਰ ਸਨ