ਜਗਰਾਓਂ 24 ਨਵੰਬਰ (ਅਮਿਤ ਖੰਨਾ) ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਗਿਆ ਰਾਸ਼ਟਰੀ ਬਾਲੜੀ ਦਿਵਸ ਇਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਉਪਰੰਤ ਦੀਦੀ ਸੁਮਨ ਨੇ ਬਾਲੜੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਬਾਲੜੀ ਦਿਵਸ ਦੀ ਸ਼ੁਰੂਆਤ ਸਾਲ 2008 ਵਿੱਚ ਬਾਲ ਵਿਕਾਸ ਮੰਤਰਾਲੇ ਦੁਆਰਾ ਕੀਤੀ ਗਈ ਸੀ। ਹਰ ਸਾਲ 24 ਜਨਵਰੀ ਨੂੰ ਸਾਰੇ ਰਾਜ ਇਸ ਦਿਵਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਮਨਾਉਂਦੇ ਹਨ। ਰਾਜ ਦੀਆਂ ਸਰਕਾਰਾਂ ਆਪਣੇ ਸਤਰ ਤੇ ਜਾਗਰੂਕਤਾ ਦੀ ਪਹਿਲ ਕਰਦੀਆਂ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਕੁੜੀਆਂ ਨੂੰ ਸਹਾਇਤਾ ਅਤੇ ਅੱਗੇ ਵੱਧਣ ਦੇ ਵੱਖ ਵੱਖ ਮੌਕੇ ਪ੍ਰਦਾਨ ਕਰਨਾ ਹੈ। ਕੁਝ ਅਜਿਹੇ ਵੀ ਪਰਿਵਾਰ ਹਨ ਜੋ ਕੁੜੀਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ। ਇਸ ਲਈ ਉਹ ਕੁੜੀਆਂ ਨੂੰ ਕੁੱਖ ਵਿਚ ਹੀ ਮਾਰ ਦਿੰਦੇ ਹਨ ਜਾਂ ਫਿਰ ਪੈਦਾ ਹੋਣ ਤੋਂ ਬਾਅਦ ਵੀ ਖੁਸ਼ ਨਹੀਂ ਰਹਿੰਦੇ।ਬਾਲੜੀ ਦਿਵਸ ਮਨਾਉਣ ਦਾ ਉਦੇਸ਼ ਇਹ ਹੈ ਕਿ ਸਮਾਜ ਵਿੱਚ ਲੋਕਾਂ ਨੂੰ ਕੁੜੀਆਂ ਪ੍ਰਤੀ ਜਾਗਰੂਕ ਕਰਨਾ ਹੈ, ਚਾਹੇ ਫਿਰ ਉਹ ਸਿੱਖਿਆ ਹੋਵੇ, ਸਿਹਤ ਜਾਂ ਉਨ੍ਹਾਂ ਦੇ ਪਾਲਣ ਪੋਸ਼ਣ ਬਾਰੇ ਹੋਵੇ। ਅੱਜ ਸਮਾਜ ਵਿਚ ਕੁੜੀਆਂ ਹਰ ਕਿਸੇ ਦਾ ਮੁਕਾਬਲਾ ਕਰ ਸਕਦੀਆਂ ਹਨ। ਅੱਜ ਕੁੜੀਆਂ ਨੂੰ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਹੱਕ ਦਿੱਤੇ ਜਾਂਦੇ ਹਨ।24 ਜਨਵਰੀ ਦੇ ਦਿਨ ਰਾਸ਼ਟਰੀ ਬਾਲੜੀ ਦਿਵਸ ਵਜੋਂ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ ਦਿਨ ਸ੍ਰੀ ਮਤੀ ਇੰਦਰਾ ਗਾਂਧੀ ਜੀ ਦਾ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਵਜੋਂ ਚੁਨਾਵ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹੀ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਸੀ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਸਮਾਜ ਵਿਚ ਕੁੜੀਆਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਜਗ-ਜਣਨੀ ਕਹਿ ਕੇ ਸਨਮਾਨਿਤ ਕੀਤਾ ਹੈ ਕਿਉਂਕਿ ਪਰਮਾਤਮਾ ਤੋਂ ਬਾਅਦ ਜੇ ਕਿਸੇ ਦਾ ਸਥਾਨ ਹੈ ਤਾਂ ਉਹ ਔਰਤ ਹੈ ਕਿਉਂਕਿ ਵੱਡੇ-ਵੱਡੇ ਰਾਜਿਆਂ ਮਹਾਰਾਜਿਆਂ ਦਾ ਜਨਮ ਵੀ ਔਰਤ ਦੀ ਕੁੱਖੋਂ ਹੋਇਆ ਤਾਂ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ" ਦੇ ਮਹਾਂਵਾਕ ਅਨੁਸਾਰ ਸਾਨੂੰ ਕੁੜੀਆਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ ਨਿੰਦਣਾ ਨਹੀਂ ਚਾਹੀਦਾ।