ਜਗਰਾਉਂ, 20 ਜਨਵਰੀ (ਬਲਵੀਰ ਬਾਠ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਨਾਨਕਸਰ ਕਲੇਰਾਂ ਨਤਮਸਤਕ ਹੋਣ ਪੁੱਜੇ, ਜਿਥੇ ਉਨ੍ਹਾਂ ਮੀਡੀਆ ਨੂੰ ਸਿਆਸੀ ਗੱਲਾਂ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਅੱਜ ਗੁਰੂ ਘਰ ਆਏ ਹਨ। ਵੀਰਵਾਰ ਨੂੰ ਸੁਖਬੀਰ ਬਾਦਲ ਦੇ ਦੁਪਹਿਰ 12:30 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਅਕਾਲੀ ਲੀਡਰਸ਼ਿਪ ਤੇ ਮੀਡੀਆ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ । ਪਰ ਲੰਮੇ ਇੰਤਜਾਰ ਕਰੀਬ 3 ਘੰਟੇ ਬਾਅਦ ਸੁਖਬੀਰ ਬਾਦਲ ਗੁਰਦੁਆਰਾ ਨਾਨਕਸਰ ਪਹੁੰਚੇ, ਜਿਥੇ ਉਨ੍ਹਾਂ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਸੰਤ ਬਾਬਾ ਗੁਰਜੀਤ ਸਿੰਘ ਦਰਸ਼ਨ ਕੀਤੇ। ਸੰਪਰਦਾਇ ਦੇ ਸੰਤਾਂ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਤੋਂ ਬਾਅਦ ਸ ਸੁਖਬੀਰ ਬਾਦਲ ਨੇ ਜਗਰਾਓਂ ਤੋਂ ਉਮੀਦਵਾਰ ਐਸ ਆਰ ਕਲੇਰ ਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਗੱਲਬਾਤ ਵੀ ਕੀਤੀ । ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣਾ ਹਸਪਤਾਲ ਦਾਖ਼ਲੇ ਨੂੰ ਲੈ ਕੇ ਸੰਤ ਮਹਾਂਪੁਰਸ਼ਾਂ ਨੇ ਬਾਦਲ ਸਾਹਿਬ ਦੀ ਸਿਹਤ ਬਾਰੇ ਵੀ ਸੁਖਬੀਰ ਬਾਦਲ ਤੋਂ ਜਾਣਕਾਰੀ ਹਾਸਲ ਕੀਤੀ । ਸੰਤਾਂ ਮਹਾਂਪੁਰਸ਼ਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਂਟ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਮੀਡੀਆ ਨੇ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਘ ਦੇ ਪਵਿੱਤਰ ਮਹੀਨੇ ’ਤੇ ਇਸ ਦਰ ’ਤੇ ਨਤਮਸਤਕ ਹੋਣ ਪੁੱਜੇ ਹਨ। ਅੱਜ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਐਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਪੀਏਸੀ ਕੰਵਲਜੀਤ ਸਿੰਘ ਮੱਲ੍ਹਾ, ਸ ਦੀਦਾਰ ਸਿੰਘ ਮਲਕ , ਮਨਦੀਪ ਸਿੰਘ ਬਿੱਟੂ ਗ਼ਾਲਿਬ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਆਦਿ ਹਾਜ਼ਰ ਸਨ ।