You are here

ਦੋਸ਼ੀ ਡੀ.ਐਸ ਐਸ ਪੀ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਵਫਦ ਆਈ.ਜੀ. ਪਰਮਾਰ ਨੂੰ ਮਿਲਿਆ  

ਜਗਰਾਉਂ 17 ਜਨਵਰੀ ( ਜਸਮੇਲ ਗ਼ਾਲਿਬ )  ਅਨੁਸੂਚਿਤ ਜਾਤੀ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਤੇ ਝੂਠਾ ਕੇਸ ਪਾਉਣ ਦੇ ਮਾਮਲੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਅੱਜ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਕੁੱਲ ਹਿੰਦ ਕਿਸਾਨ ਸਭਾ ਦਾ ਇਕ ਵਫਦ ਲੁਧਿਆਣਾ ਰੇਜ਼ ਦੇ ਆਈ.ਜੀ. ਐਸ ਐਸ ਪੀ ਪਰਮਾਰ ਨੂੰ ਮਿਲਿਆ ਅਤੇ ਲਿਖਤੀ ਮੰਗ ਪੱਤਰ ਦਿੰਦਿਆਂ ਪੁਰਜ਼ੋਰ ਮੰਗ ਕੀਤੀ ਕਿ ਜਦ ਦੋਸ਼ੀਆਂ ਖਿਲਾਫ਼ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਹੋ ਚੁੱਕਾ ਹੈ ਤਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਬਣਦਾ ਹੈ। ਵਫਦ ਨੇ ਗ੍ਰਿਫਤਾਰੀ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿਖੇਧੀ ਵੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਰਮਜੀਤ ਕੋਟਕਪੂਰਾ, ਤਰਲੋਚਨ ਝੋਰੜਾਂ, ਨਿਰਮਲ ਸਿੰਘ ਧਾਲੀਵਾਲ, ਮਨੋਹਰ ਸਿੰਘ ਝੋਰੜਾਂ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਆਈ.ਜੀ. ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤੁਰੰਤ ਹੀ ਇਕ ਸੀਲ਼ਬੰਦ ਪੱਤਰ ਐਸ ਐਸ ਪੀ ਦੇ ਨਾਮ ਲਿਖ ਕੇ ਵਫਦ ਨੂੰ ਦਿੱਤਾ ਜੋ ਕਿ ਵਫਦ ਨੇ ਜਗਰਾਉਂ ਪੁੱਜ ਕੇ ਐਸ ਐਸ ਪੀ ਦੀ ਗੈਰਹਾਜ਼ਰੀ ਵਿੱਚ ਸਟਾਫ ਦੇ ਸਪੁਰਦ ਕਰ ਦਿੱਤਾ। ਵਫਦ ਨੇ ਕਿਹਾ ਕਿ ਜੇਕਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ 26 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ ਲੋਕ ਮਜ਼ਬੂਰਨ ਸਥਾਨਕ ਥਾਣਾ ਸਿਟੀ ਦਾ ਘਿਰਾਓ ਕਰਨਗੇ।